ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਾਜ਼ਾ: ਇਜ਼ਰਾਇਲੀ ਹਮਲਿਆਂ ਵਿੱਚ 82 ਹਲਾਕ

ਫਲਸਤੀਨੀ ਰਾਸ਼ਟਰਪਤੀ ਵੱਲੋਂ ਆਲਮੀ ਆਗੂਆਂ ਨੂੰ ਗਾਜ਼ਾ ’ਤੇ ਇਜ਼ਰਾਇਲੀ ਹਮਲੇ ਰੁਕਵਾਉਣ ਦੀ ਅਪੀਲ; ਇਜ਼ਰਾਇਲੀ ਬਲਾਂ ਨੇ ਦੋ ਹਸਪਤਾਲਾਂ ਨੂੰ ਘੇਰਿਆ
ਦੀਰ ਅਲ-ਬਲਾਹ ’ਚ ਇਜ਼ਰਾਇਲੀ ਹਮਲਿਆਂ ਵਿੱਚ ਢਹਿ-ਢੇਰੀ ਹੋਏ ਆਪਣੇ ਘਰ ਦੇ ਮਲਬੇ ’ਚੋਂ ਸਾਮਾਨ ਲੱਭਦੇ ਹੋਏ ਫਲਸਤੀਨੀ। -ਫੋਟੋ: ਰਾਇਟਰਜ਼
Advertisement

ਦੀਰ ਅਲ-ਬਲਾਹ (ਗਾਜ਼ਾ ਪੱਟੀ), 21 ਮਈ

ਗਾਜ਼ਾ ਪੱਟੀ ਵਿੱਚ ਇਜ਼ਰਾਇਲੀ ਹਮਲਿਆਂ ’ਚ ਅੱਜ ਘੱਟੋ-ਘੱਟ 82 ਵਿਅਕਤੀ ਹਲਾਕ ਹੋ ਗਏ ਜਿਨ੍ਹਾਂ ਵਿੱਚ ਇਕ ਹਫ਼ਤੇ ਦਾ ਬੱਚਾ ਵੀ ਸ਼ਾਮਲ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਅਤੇ ਖੇਤਰ ਦੇ ਹਸਪਤਾਲਾਂ ਨੇ ਇਹ ਜਾਣਕਾਰੀ ਦਿੱਤੀ। ਇਜ਼ਰਾਈਲ ਵੱਲੋਂ ਹਮਲੇ ਵਧਾਏ ਜਾਣ ’ਤੇ ਕੌਮਾਂਤਰੀ ਪੱਧਰ ਦੀ ਨਾਰਾਜ਼ਗੀ ਵਿਚਾਲੇ ਇਹ ਹਮਲੇ ਮੁੜ ਤੋਂ ਹੋਏ ਹਨ। ਇਜ਼ਰਾਈਲ ਨੇ ਮੰਗਲਵਾਰ ਨੂੰ ਦਰਜਨਾਂ ਟਰੱਕਾਂ ਨੂੰ ਗਾਜ਼ਾ ਵਿੱਚ ਜਾਣ ਦੀ ਇਜਾਜ਼ਤ ਦੇਣਾ ਸ਼ੁਰੂ ਕਰ ਦਿੱਤਾ ਸੀ ਪਰ ਸਹਾਇਤਾ ਅਜੇ ਤੱਕ ਫਲਸਤੀਨੀ ਲੋਕਾਂ ਤੱਕ ਨਹੀਂ ਪਹੁੰਚ ਸਕੀ ਹੈ, ਜਿਨ੍ਹਾਂ ਨੂੰ ਇਸ ਦੀ ਬੇਹੱਦ ਲੋੜ ਹੈ। ਉੱਧਰ, ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਅੱਜ ਆਲਮੀ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਇਜ਼ਰਾਈਲ ਵੱਲੋਂ ਗਾਜ਼ਾ ’ਤੇ ਕੀਤੇ ਜਾ ਰਹੇ ਹਮਲੇ ਤੁਰੰਤ ਰੁਕਵਾਉਣ ਲਈ ਕੋਈ ਕਾਰਵਾਈ ਕੀਤੀ ਜਾਵੇ। ਉਨ੍ਹਾਂ ਆਪਣੇ ਬੈਰੂਤ ਦੌਰੇ ਦੌਰਾਨ ਇਕ ਲਿਖਤੀ ਬਿਆਨ ਜਾਰੀ ਕਰ ਕੇ ਇਹ ਅਪੀਲ ਕੀਤੀ।

Advertisement

ਸੰਯੁਕਤ ਰਾਸ਼ਟਰ ਦੀ ਮਨੁੱਖੀ ਏਜੰਸੀ ਦੇ ਤਰਜਮਾਨ ਜੈੱਨਸ ਲਾਰਕ ਨੇ ਕਿਹਾ ਕਿ ਦੱਖਣੀ ਗਾਜ਼ਾ ਦੇ ਨਾਲ ਇਜ਼ਰਾਇਲੀ ਸਰਹੱਦ ਕ੍ਰਾਸਿੰਗ ਕੈਰੇਮ ਸ਼ਾਲੋਮ ਦੇ ਗਾਜ਼ਾ ਵੱਲੋਂ ਕੋਈ ਟਰੱਕ ਨਹੀਂ ਪੁੱਜਿਆ ਹੈ।

ਦੱਖਣੀ ਸ਼ਹਿਰ ਵਿੱਚ ਇਜ਼ਰਾਇਲੀ ਹਮਲਿਆਂ ਵਿੱਚ 24 ਵਿਅਕਤੀ ਮਾਰੇ ਗਏ ਜਿਨ੍ਹਾਂ ’ਚੋਂ 14 ਇਕ ਹੀ ਪਰਿਵਾਰ ਦੇ ਸਨ। ਮੱਧ ਗਾਜ਼ਾ ਵਿੱਚ ਇਕ ਹਫ਼ਤੇ ਦੇ ਬੱਚੇ ਦੀ ਮੌਤ ਹੋ ਗਈ। ਇਜ਼ਰਾਈਲ ਨੇ ਹਾਲ ਵਿੱਚ ਸੰਭਾਵੀ ਹਮਲੇ ਦੇ ਮੱਦੇਨਜ਼ਰ ਖਾਨ ਯੂਨਿਸ ਵਿੱਚ ਨਿਕਾਸੀ ਦੇ ਨਵੇਂ ਹੁਕਮ ਦਿੱਤੇ ਸਨ। ਉੱਧਰ, ਇਜ਼ਰਾਇਲੀ ਫੌਜ ਨੇ ਹਮਲਿਆਂ ’ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਪਰ ਕਿਹਾ ਕਿ ਉਹ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਉਸ ਨੇ ਹਮਾਸ ਦੇ ਕੱਟੜਪੰਥੀਆਂ ’ਤੇ ਨਾਗਰਿਕ ਖੇਤਰਾਂ ’ਚੋਂ ਆਪਣੀਆਂ ਗਤੀਵਿਧੀਆਂ ਚਲਾਉਣ ਦਾ ਦੋਸ਼ ਲਗਾਇਆ।

ਇਸੇ ਦੌਰਾਨ ਇਜ਼ਰਾਇਲੀ ਸੁਰੱਖਿਆ ਬਲਾਂ ਨੇ ਉੱਤਰ ਗਾਜ਼ਾ ਵਿੱਚ ਦੋ ਹਸਪਤਾਲਾਂ ਦੀ ਘੇਰਾਬੰਦੀ ਕਰ ਲਈ ਹੈ। ਉਹ ਇਨ੍ਹਾਂ ਦੋਵੇਂ ਹਸਪਤਾਲਾਂ ’ਚੋਂ ਨਾ ਤਾਂ ਕਿਸੇ ਨੂੰ ਬਾਹਰ ਆਉਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਹੈ। ਉੱਤਰੀ ਗਾਜ਼ਾ ਵਿੱਚ ਸਿਰਫ਼ ਇਹੀ ਦੋ ਹਸਪਤਾਲ ਬਚੇ ਹਨ ਜਿਹੜੇ ਮਰੀਜ਼ਾਂ ਦਾ ਸਹਾਰਾ ਬਣੇ ਹੋਏ ਹਨ। ਇੰਡੋਨੇਸ਼ਿਆਈ ਹਸਪਤਾਲ ਅਤੇ ਅਲ-ਅਵਦਾ ਹਸਪਤਾਲ ਇਸ ਖੇਤਰ ਦੇ ਕੰਮ ਕਰ ਰਹੇ ਮੈਡੀਕਲ ਕੇਂਦਰਾਂ ’ਚੋਂ ਹਨ। ਹਾਲਾਂਕਿ, ਇਜ਼ਰਾਈਲ ਨੇ ਇਨ੍ਹਾਂ ਸਿਹਤ ਕੇਂਦਰਾਂ ਨੂੰ ਖਾਲੀ ਕਰਨ ਦਾ ਹੁਕਮ ਨਹੀਂ ਦਿੱਤਾ ਹੈ। ਵਿਸ਼ਵ ਸਿਹਤ ਸੰਸਥਾ (ਡਬਿਲਊਐੱਚਓ) ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੌਮ ਗੈਬ੍ਰੀਸਸ ਨੇ ਕਿਹਾ ਕਿ ਹੋਰ ਦੋ ਹਸਪਤਾਲ ਅਤੇ ਚਾਰ ਮੁੱਢਲੇ ਦੇਖਭਾਲ ਕੇਂਦਰ ਇਸ ਖੇਤਰ ਦੇ 1,000 ਮੀਟਰ ਦੇ ਦਾਇਰੇ ਵਿੱਚ ਹਨ। -ਏਪੀ

Advertisement