ਇਜ਼ਰਾਈਲ ਤੇ ਹਮਾਸ ’ਚ ਚਾਰ ਰੋਜ਼ਾ ਜੰਗਬੰਦੀ ਅੱਜ ਤੋਂ
ਕਤਰ, ਮਿਸਰ ਅਤੇ ਅਮਰੀਕਾ ਦੀ ਬਦੌਲਤ ਸਮਝੌਤਾ ਸਿਰੇ ਚੜਿ੍ਹਆ
ਯੇਰੂਸ਼ਲਮ, 22 ਨਵੰਬਰ
ਇਜ਼ਰਾਈਲ ਅਤੇ ਹਮਾਸ ਵਿਚਕਾਰ ਭਲਕੇ ਤੋਂ ਚਾਰ ਦਿਨਾਂ ਦੀ ਜੰਗਬੰਦੀ ’ਤੇ ਸਹਿਮਤੀ ਬਣ ਗਈ ਹੈ। ਗਾਜ਼ਾ ’ਚ ਦਹਿਸ਼ਤੀ ਗੁੱਟ ਵੱਲੋਂ ਬੰਦੀ ਬਣਾਏ ਗਏ 50 ਵਿਅਕਤੀਆਂ ਦੀ ਰਿਹਾਈ ਦੇ ਬਦਲੇ ’ਚ 150 ਫਲਸਤੀਨੀ ਛੱਡੇ ਜਾਣਗੇ। ਇਸ ਦੇ ਨਾਲ ਗਾਜ਼ਾ ਪੱਟੀ ’ਚ ਮਾਨਵੀ ਸਹਾਇਤਾ ਦੇ ਦਾਖ਼ਲੇ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਹਮਾਸ ਵੱਲੋਂ ਇਜ਼ਰਾਈਲ ’ਤੇ 7 ਅਕਤੂਬਰ ਨੂੰ ਕੀਤੇ ਗਏ ਹਮਲੇ ਮਗਰੋਂ ਜੰਗ ’ਚ ਇਹ ਪਹਿਲੀ ਵੱਡੀ ਕੂਟਨੀਤਕ ਸਫ਼ਲਤਾ ਹੈ। ਤਲ ਅਵੀਵ ’ਚ ਛੇ ਘੰਟੇ ਤੱਕ ਚਲੀ ਮੀਟਿੰਗ ਮਗਰੋਂ ਬੁੱਧਵਾਰ ਤੜਕੇ ਇਹ ਸਮਝੌਤਾ ਹੋਇਆ ਅਤੇ ਇਜ਼ਰਾਈਲ ਕੈਬਨਿਟ ਨੇ ਇਸ ਨੂੰ 35-3 ਵੋਟਾਂ ਨਾਲ ਪ੍ਰਵਾਨਗੀ ਦਿੱਤੀ। ਕੱਟੜ ਸੱਜੇ-ਪੱਖੀ ਓਤਜ਼ਮਾ ਯੇਹੁਦਿਤ ਪਾਰਟੀ ਦੇ ਕੌਮੀ ਸੁਰੱਖਿਆ ਮੰਤਰੀ ਇਤਾਮਾਰ ਬੇਨ ਗਵੀਰ ਸਮੇਤ ਪਾਰਟੀ ਦੇ ਹੋਰ ਮੰਤਰੀਆਂ ਨੇ ਸਮਝੌਤੇ ਖ਼ਿਲਾਫ਼ ਵੋਟ ਪਾਇਆ। ਕਤਰ, ਮਿਸਰ ਅਤੇ ਅਮਰੀਕਾ ਦੀ ਬਦੌਲਤ ਆਰਜ਼ੀ ਜੰਗਬੰਦੀ ਦਾ ਸਮਝੌਤਾ ਸਿਰੇ ਚੜ੍ਹਿਆ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਬਿਆਨ ’ਚ ਕਿਹਾ ਕਿ ਚਾਰ ਦਿਨਾਂ ਦੌਰਾਨ 50 ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕੀਤਾ ਜਾਵੇਗਾ। ਸਮਝੌਤੇ ਤਹਿਤ ਜੇਕਰ 10 ਹੋਰ ਵਾਧੂ ਬੰਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਤਾਂ ਜੰਗਬੰਦੀ ਇਕ ਹੋਰ ਦਿਨ ਲਈ ਵਧਾਈ ਜਾਵੇਗੀ। ਇਜ਼ਰਾਈਲ ਨੇ 300 ਫਲਸਤੀਨੀਆਂ ਦੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਨੂੰ ਸਮਝੌਤੇ ਤਹਿਤ ਛੱਡਿਆ ਜਾ ਸਕਦਾ ਹੈ। ਪਹਿਲਾਂ ਸਿਰਫ਼ 150 ਬੰਦੀਆਂ ਨੂੰ ਰਿਹਾਅ ਕੀਤੇ ਜਾਣ ਦੀ ਸੰਭਾਵਨਾ ਹੈ। ਉਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕੈਬਨਿਟ ਮੀਟਿੰਗ ਤੋਂ ਪਹਿਲਾਂ ਕਿਹਾ ਕਿ ਫ਼ੌਜੀ ਹਮਲਿਆਂ ਕਾਰਨ ਹਮਾਸ ਦਬਾਅ ਹੇਠ ਆਇਆ ਹੈ ਅਤੇ ਸਾਰੇ ਟੀਚੇ ਹਾਸਲ ਕਰਨ ਤੱਕ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਬੰਦੀਆਂ ਦੀ ਵਾਪਸੀ ਇਜ਼ਰਾਈਲ ਦੀ ਤਰਜੀਹ ਹੈ ਅਤੇ ਸਾਰਿਆਂ ਦੀ ਵਾਪਸੀ ਤੱਕ ਉਹ ਸ਼ਾਂਤ ਨਹੀਂ ਬੈਠਣਗੇ। ਰੱਖਿਆ ਮੰਤਰੀ ਯੋਏਵ ਗੈਲੈਂਟ ਨੇ ਵੀ ਪ੍ਰਧਾਨ ਮੰਤਰੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ 4-5 ਦਿਨਾਂ ਦੀ ਜੰਗਬੰਦੀ ਮਗਰੋਂ ਗਾਜ਼ਾ ’ਚ ਇਜ਼ਰਾਈਲ ਮੁੜ ਪੂਰੀ ਤਾਕਤ ਨਾਲ ਹਮਲਾ ਬੋਲੇਗਾ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਬਿਆਨ ’ਚ ਸਮਝੌਤੇ ਲਈ ਕਤਰ ਦੇ ਸ਼ੇਖ਼ ਤਮੀਮ ਬਿਨ ਹਮਦ ਅਲ-ਥਾਨੀ ਅਤੇ ਮਿਸਰ ਦੇ ਰਾਸ਼ਟਰਪਤੀ ਅਬਦਲ-ਫਤਹਿ ਅਲ-ਸਿਸੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੇਤਨਯਾਹੂ ਵੱਲੋਂ ਹਾਂ-ਪੱਖੀ ਰਵੱਈਆ ਅਪਣਾਏ ਜਾਣ ਦੀ ਵੀ ਸ਼ਲਾਘਾ ਕੀਤੀ ਹੈ। -ਪੀਟੀਆਈ
ਪੋਪ ਵੱਲੋਂ ਇਜ਼ਰਾਇਲੀ ਬੰਧਕਾਂ ਅਤੇ ਫਲਸਤੀਨੀ ਕੈਦੀਆਂ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ
ਵੈਟੀਕਨ ਸਿਟੀ: ਪੋਪ ਫਰਾਂਸਿਸ ਨੇ ਇਜ਼ਰਾਇਲੀ ਬੰਧਕਾਂ ਅਤੇ ਫਲਸਤੀਨੀ ਕੈਦੀਆਂ ਦੇ ਰਿਸ਼ਤੇਦਾਰਾਂ ਨਾਲ ਵੱਖੋ ਵੱਖਰੀ ਮੁਲਾਕਾਤ ਕਰਕੇ ਸ਼ਾਂਤੀ ਬਹਾਲੀ ਦੀ ਅਪੀਲ ਕੀਤੀ ਹੈ। ਉਨ੍ਹਾਂ ਜੰਗ ਨੂੰ ਅਤਿਵਾਦ ਕਰਾਰ ਦਿੰਦਿਆਂ ਕਿਹਾ ਕਿ ਇਹ ਹਰ ਕਿਸੇ ਨੂੰ ਮਾਰਨ ਦਾ ਜਨੂੰਨ ਹੈ ਜਿਸ ਦਾ ਖ਼ਾਤਮਾ ਹੋਣਾ ਚਾਹੀਦਾ ਹੈ। ਇਜ਼ਰਾਈਲ-ਹਮਾਸ ਵਿਚਕਾਰ ਜੰਗ ਆਰਜ਼ੀ ਤੌਰ ’ਤੇ ਰੋਕਣ ਦੇ ਐਲਾਨ ਦੌਰਾਨ ਪੋਪ ਨੇ ਇਜ਼ਰਾਇਲੀਆਂ ਅਤੇ ਫਲਸਤੀਨੀਆਂ ਨਾਲ ਇਹ ਮੀਟਿੰਗਾਂ ਕੀਤੀਆਂ ਹਨ। ਪੋਪ ਨੇ ਕਿਹਾ ਕਿ ਉਨ੍ਹਾਂ ਗਾਜ਼ਾ ’ਚ ਬੰਦੀ ਬਣਾਏ ਗਏ 200 ਤੋਂ ਵੱਧ ਵਿਅਕਤੀਆਂ ਦੇ ਰਿਸ਼ਤੇਦਾਰਾਂ ਨਾਲ ਵੈਟੀਕਨ ’ਚ ਮੁਲਾਕਾਤ ਕੀਤੀ। -ਏਪੀ