ਵਾਸ਼ਿੰਗਟਨ ’ਚ ਹੜ੍ਹਾਂ ਨੇ ਤਬਾਹੀ ਮਚਾਈ
ਅਮਰੀਕਾ ਦੇ ਸੂਬੇ ਵਾਸ਼ਿੰਗਟਨ ’ਚ ਕਈ ਥਾਵਾਂ ’ਤੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਕਈ ਥਾਵਾਂ ’ਤੇ ਪਾਣੀ ਚਾਰ-ਚਾਰ ਫੁੱਟ ਚੜ੍ਹ ਗਿਆ ਅਤੇ ਲੋਕਾਂ ਨੂੰ ਬਚਾਉਣ ਲਈ ਹੈਲੀਕਾਪਟਰਾਂ ਅਤੇ ਕਿਸ਼ਤੀਆਂ ਦੀ ਮਦਦ ਲੈਣੀ ਪਈ। ਕੌਮੀ ਗਾਰਡ ਵੀ ਬਚਾਅ ਕਾਰਜਾਂ ’ਚ ਜੁਟੇ ਹੋਏ ਹਨ। ਬਰਲਿੰਗਟਨ ’ਚ ਕਰੀਬਹਜ਼ਾਰ ਵਿਅਕਤੀਆਂ ਨੂੰ ਅੱਧੀ ਰਾਤ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ।
ਪੱਛਮੀ ਅਤੇ ਕੇਂਦਰੀ ਵਾਸ਼ਿੰਗਟਨ ’ਚ ਕਈ ਦਿਨਾਂ ਤੋਂ ਮੋਹਲੇਧਾਰ ਮੀਂਹ ਜਾਰੀ ਹੈ। ਪਾਣੀ ਹੌਲੀ-ਹੌਲੀ ਘੱਟ ਰਿਹਾ ਹੈ ਪਰ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਲੋਕ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ ਕਿਉਂਕਿ ਖਤਰਾ ਟਲਿਆ ਨਹੀਂ। ਮੌਸਮ ਵਿਭਾਗ ਨੇ ਐਤਵਾਰ ਨੂੰ ਮੋਹਲੇਧਾਰ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਕੈਨੇਡਾ ਨਾਲ ਲੱਗਦੇ ਸਰਹੱਦੀ ਇਲਾਕੇ ਸੁਮਾਸ, ਨੂਕਸੈਕ ਅਤੇ ਐਵਰਸਨ ’ਚ ਕਰੀਬ 6500 ਵਿਅਕਤੀ ਪਾਣੀ ’ਚ ਘਿਰੇ ਹੋਏ ਹਨ। ਸੁਮਾਸ ਸਰਹੱਦੀ ਲਾਂਘਾ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਹਾਲੇ ਜਾਇਜ਼ਾ ਲੈਣਾ ਹੈ ਪਰ ਤਸਵੀਰਾਂ ਅਤੇ ਵੀਡੀਓਜ਼ ਤੋਂ ਪਤਾ ਲੱਗਦਾ ਹੈ ਕਿ ਭਾਰੀ ਨੁਕਸਾਨ ਹੋਇਆ ਹੈ। ਢਿੱਗਾਂ ਡਿੱਗਣ ਅਤੇ ਮਲਬੇ ਕਾਰਨ ਕਈ ਸੜਕਾਂ ਅਤੇ ਪੁਲ ਟੁੱਟ ਗਏ।
ਵਾਸ਼ਿੰਗਟਨ ਦੇ ਗਵਰਨਰ ਬੌਬ ਫਰਗੂਸਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੜ੍ਹ ਪ੍ਰਭਾਵਿਤ ਇਲਾਕੇ ’ਚ ਹੰਗਾਮੀ ਹਾਲਾਤ ਐਲਾਨ ਦਿੱਤੇ ਹਨ।
