ਇਸਲਾਮੀ ਕਾਰਕੁਨਾਂ ਨਾਲ ਝੜਪ ’ਚ ਪੁਲੀਸ ਅਧਿਕਾਰੀ ਸਣੇ ਪੰਜ ਹਲਾਕ
ਤਹਿਰੀਕ-ਏ-ਲਬਾਇਕ (ਟੀ ਐੱਲ ਪੀ) ਨੇ ਇਸਲਾਮਾਬਾਦ ’ਚ ਅਮੀਰਕੀ ਅੰਬੈਸੀ ਤੱਕ ਮਾਰਚ ਅਤੇ ਗਾਜ਼ਾ ਦੇ ਲੋਕਾਂ ਦੀ ਹਮਾਇਤ ’ਚ ਧਰਨੇ ਦੇ ਐਲਾਨ ਨਾਲ ਸ਼ੁੱਕਰਵਾਰ ਨੂੰ ਲਾਹੌਰ ਤੋਂ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਪ੍ਰਦਰਸ਼ਨਕਾਰੀ ਸ਼ਾਹਰਾਹ (ਜੀ ਟੀ ਰੋਡ) ’ਤੇ ਲਾਹੌਰ ਤੋਂ ਲਗਪਗ 40 ਕਿਲੋਮੀਟਰ ਦੂਰ ਮੁਰੀਦਕੇ ਤੱਕ ਪਹੁੰਚਣ ’ਚ ਕਾਮਯਾਬ ਹੋ ਗਏ ਜਿੱਥੇ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਉਨ੍ਹਾਂ ਦੇ ਆਗੂੁਆਂ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਰਹਿਣ ’ਤੇ ਪੁਲੀਸ ਨੇ ਸੜਕ ਖਾਲੀ ਕਰਵਾਉਣ ਤੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ।
ਪੁਲੀਸ ਮੁਤਾਬਕ ਅਪਰੇਸ਼ਨ ਲਗਪਗ ਪੰਜ ਘੰਟੇ ਚੱਲਿਆ ਤੇ ਅੱਜ ਤੜਕੇ ਸਮਾਪਤ ਹੋਇਆ ਕਿਉਂਕਿ ਪ੍ਰਦਰਸ਼ਨਕਾਰੀ, ਜੋ ਡੰਡੇ-ਸੋਟਿਆਂ, ਇੱਟਾਂ, ਪੈਟਰੋਲ ਬੰਬਾਂ ਤੇ ਬੰਦੂਕਾਂ ਨਾਲ ਲੈਸ ਸਨ, ਜਵਾਨਾਂ ਨਾਲ ਲਗਾਤਾਰ ਭਿੜਦੇ ਰਹੇ। ਝੜਪਾਂ ’ਚ ਇੱਕ ਨਾਗਰਿਕ ਤੇ ਤਿੰਨ ਪ੍ਰਦਰਸ਼ਨਕਾਰੀ ਵੀ ਮਾਰੇ ਗਏ ਜਦਕਿ ਅੱਠ ਜਣੇ ਜ਼ਖ਼ਮੀ ਹੋਏ ਹਨ।’’ ਪੰਜਾਬ ਪੁਲੀਸ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਨੇ 40 ਸਰਕਾਰੀ ਤੇ ਪ੍ਰਾਈਵੇਟ ਵਾਹਨਾਂ ਨੂੰ ਅੱਗ ਲਾ ਦਿੱਤੀ।