ਅਮਰੀਕਾ ’ਚ ਅੱਠ ਨਵੇਂ ਭਾਰਤੀ ਕੌਂਸੁਲਰ ਐਪਲੀਕੇਸ਼ਨ ਸੈਂਟਰਾਂ ਦਾ ਉਦਘਾਟਨ
ਪਰਵਾਸੀ ਭਾਰਤੀ ਵੀਜ਼ਾ, ਪਾਸਪੋਰਟ ਅਤੇ ਹੋਰ ਸੇਵਾਵਾਂ ਦਾ ਲੈ ਸਕਣਗੇ ਲਾਹਾ
Advertisement
ਭਾਰਤ ਨੇ ਅਮਰੀਕਾ ਵਿੱਚ ਅੱਠ ਨਵੇਂ ਕੌਂਸੁਲਰ ਸੈਂਟਰ ਖੋਲ੍ਹੇ ਹਨ, ਜਿਸ ਨਾਲ ਵੀਜ਼ਾ, ਪਾਸਪੋਰਟ ਅਤੇ ਹੋਰ ਸੇਵਾਵਾਂ ਤੱਕ ਪਹੁੰਚ ਸੁਖਾਲੀ ਹੋ ਜਾਵੇਗੀ। ਅਮਰੀਕਾ ’ਚ ਰਹਿੰਦੇ ਭਾਰਤੀ ਪਰਵਾਸੀ ਇਨ੍ਹਾਂ ਸੇਵਾਵਾਂ ਦਾ ਲਾਹਾ ਲੈ ਸਕਣਗੇ। ਭਾਰਤ ਦੇ ਅਮਰੀਕਾ ਵਿੱਚ ਸਫ਼ੀਰ ਵਿਨੈ ਕਵਾਤੜਾ ਨੇ ਸ਼ੁੱਕਰਵਾਰ ਨੂੰ ਬੋਸਟਨ, ਕੋਲੰਬਸ, ਡਲਾਸ, ਡੈਟਰੌਇਟ, ਐਡੀਸਨ, ਓਰਲੈਂਡੋ, ਰੈਲੇ ਅਤੇ ਸਾਂ ਜੋਸ ਵਿੱਚ ਨਵੇਂ ਭਾਰਤੀ ਕੌਂਸੁਲਰ ਐਪਲੀਕੇਸ਼ਨ ਸੈਂਟਰਾਂ (ਆਈਸੀਏਸੀ) ਦਾ ਵਰਚੁਅਲੀ ਉਦਘਾਟਨ ਕੀਤਾ। ਲਾਸ ਏਂਜਲਸ ਵਿੱਚ ਜਲਦੀ ਹੀ ਇੱਕ ਹੋਰ ਆਈਸੀਏਸੀ ਖੋਲ੍ਹਿਆ ਜਾਵੇਗਾ। ਇਸ ਵਿਸਥਾਰ ਨਾਲ ਅਮਰੀਕਾ ਵਿੱਚ ਆਈਸੀਏਸੀਜ਼ ਦੀ ਕੁੱਲ ਗਿਣਤੀ 17 ਹੋ ਗਈ ਹੈ ਜਿਸ ਨਾਲ ਭਾਰਤੀ ਅਤੇ ਅਮਰੀਕੀ ਨਾਗਰਿਕਾਂ ਲਈ ਕੌਂਸੁਲਰ ਸੇਵਾਵਾਂ ਪਹਿਲਾਂ ਨਾਲੋਂ ਜ਼ਿਆਦਾ ਆਸਾਨ ਢੰਗ ਨਾਲ ਮਿਲਣਗੀਆਂ। ਕਵਾਤੜਾ ਨੇ ਇਸ ਕਦਮ ਨੂੰ ਅਮਰੀਕਾ ਵਿੱਚ ਭਾਰਤੀ ਸਫ਼ਾਰਤਖਾਨੇ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਕੌਂਸਲੁਰ ਸੇਵਾਵਾਂ ਦੀ ਪਹੁੰਚ ਦਾ ਬਹੁਤ ਮਹੱਤਵਪੂਰਨ ਵਿਸਥਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਵਾਂ ਦੇ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਪਰਵਾਸੀਆਂ ਪ੍ਰਤੀ ਸਨਮਾਨ ਦੀ ਭਾਵਨਾ ਦਾ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਦੀ ਮਜ਼ਬੂਤੀ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਨਿਊਯਾਰਕ ’ਚ ਭਾਰਤੀ ਕੌਂਸੁਲ ਜਨਰਲ ਬਿਨੈ ਪ੍ਰਧਾਨ ਨੇ ਐਡੀਸਨ ’ਚ ਵਿਸ਼ੇਸ਼ ਉਦਘਾਟਨੀ ਸਮਾਗਮ ’ਚ ਹਿੱਸਾ ਲਿਆ। ਇਸ ਮੌਕੇ ਮੇਅਰ ਸੈਮ ਜੋਸ਼ੀ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰ ਵੀ ਹਾਜ਼ਰ ਸਨ।
Advertisement
Advertisement