ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੂਸ ਵੱਲੋਂ ਯੂਕਰੇਨ ’ਤੇ ਡਰੋਨ ਤੇ ਮਿਜ਼ਾਈਲ ਹਮਲੇ, ਤਿੰਨ ਮੌਤਾਂ

ਊਰਜਾ ਨਾਲ ਸਬੰਧਤ ਬੁਨਿਆਦੀ ਢਾਂਚਿਆਂ ਨੂੰ ਬਣਾਇਆ ਨਿਸ਼ਾਨਾ; ਕਈ ਥਾਈਂ ਬਿਜਲੀ ਤੇ ਪਾਣੀ ਦੀ ਸਪਲਾਈ ਪ੍ਰਭਾਵਿਤ
ਯੂਕਰੇਨ ਵਿੱਚ ਸੋਮਵਾਰ ਨੂੰ ਰੂਸੀ ਹਮਲੇ ਵਿੱਚ ਨੁਕਸਾਨੇ ਘਰ ਵਿੱਚੋਂ ਜ਼ਰੂਰੀ ਵਸਤਾਂ ਛਾਂਟਦਾ ਹੋਇਆ ਯੂਕਰੇਨ ਦਾ ਵਾਸੀ। -ਫੋਟੋ: ਰਾਇਟਰਜ਼
Advertisement

* ਰੂਸ ਵੱਲੋਂ 22 ਯੂਕਰੇਨੀ ਡਰੋਨ ਸੁੱਟਣ ਦਾ ਦਾਅਵਾ

ਕੀਵ, 26 ਅਗਸਤ

Advertisement

ਰੂਸ ਨੇ ਅੱਜ ਡਰੋਨ ਤੇ ਮਿਜ਼ਾਈਲਾਂ ਨਾਲ ਪੂਰੇ ਯੂਕਰੇਨ ’ਤੇ ਹਮਲੇ ਕੀਤੇ। ਹਮਲਿਆਂ ਦਾ ਮੁੱਖ ਨਿਸ਼ਾਨਾ ਯੂਕਰੇਨ ਦਾ ਊਰਜਾ ਨਾਲ ਜੁੜਿਆ ਬੁਨਿਆਦੀ ਢਾਂਚਾ ਸੀ। ਇਨ੍ਹਾਂ ਹਮਲਿਆਂ ਵਿਚ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ। ਹਮਲੇ ਐਤਵਾਰ ਦੇਰ ਰਾਤ ਨੂੰ ਕੀਤੇ ਗਏ ਜੋ ਅੱਜ ਦਿਨ ਚੜ੍ਹਨ ਤੱਕ ਜਾਰੀ ਰਹੇ। ਰੂਸ ਵੱਲੋਂ ਪਿਛਲੇ ਕੁਝ ਹਫ਼ਤਿਆਂ ਵਿਚ ਯੂਕਰੇਨ ਖਿਲਾਫ਼ ਕੀਤਾ ਇਹ ਸਭ ਤੋਂ ਵੱਡਾ ਹਮਲਾ ਹੈ। ਉਧਰ ਯੂਕਰੇਨ ਦੇ ਜਵਾਬੀ ਡਰੋਨ ਹਮਲੇ ਵਿਚ ਰੂਸ ਦੇ ਕੇਂਦਰੀ ਖੇਤਰ ਸਾਰਾਤੋਵ ਵਿਚ ਚਾਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀਆਂ ਰਿਪੋਰਟਾਂ ਹਨ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਐਤਵਾਰ ਅੱਧੀ ਰਾਤ ਤੋਂ ਅੱਜ ਸਵੇਰ ਤੱਕ ਸਾਰਾਤੋਵ ਤੇ ਯਾਰੋਸਲਾਵਲ ਸਣੇ ਅੱਠ ਰੂਸੀ ਖੇਤਰਾਂ ਵਿਚ ਕੁੱਲ 22 ਯੂਕਰੇਨੀ ਡਰੋਨਾਂ ਨੂੰ ਹੇਠਾਂ ਸੁੱਟਿਆ ਹੈ।

ਯੂਕਰੇਨ ਦੀ ਹਵਾਈ ਸੈਨਾ ਮੁਤਾਬਕ ਰੂਸੀ ਡਰੋਨਾਂ ਦੇ ਕਈ ਸਮੂਹਾਂ ਨੇ ਇਕੋ ਵੇਲੇ ਯੂਕਰੇਨ ਦੇ ਪੂਰਬੀ, ਉੱਤਰੀ, ਦੱਖਣੀ ਤੇ ਕੇਂਦਰੀ ਖਿੱਤਿਆਂ ’ਤੇ ਹੱਲਾ ਬੋਲਿਆ ਤੇ ਇਨ੍ਹਾਂ ਦੇ ਮਗਰ ਹੀ ਕਰੂਜ਼ ਤੇ ਬੈਲਿਸਟਿਕ ਮਿਜ਼ਾਈਲਾਂ ਸਨ। ਕੀਵ ਦੇ ਮੇਅਰ ਵਿਤਾਲੀ ਕਲਿਸ਼ਕੋ ਨੇ ਕਿਹਾ ਕਿ ਰਾਜਧਾਨੀ ਕੀਵ ਵਿਚ ਕਈ ਧਮਾਕੇ ਸੁਣੇ ਗਏ ਹਨ। ਹਮਲੇ ਕਰਕੇ ਸ਼ਹਿਰ ਵਿਚ ਬਿਜਲੀ ਤੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ। ਉਂਜ ਕੀਵ ਪ੍ਰਸ਼ਾਸਨ ਨੇ ਹਮਲਿਆਂ ਦੇ ਮੱਦੇਨਜ਼ਰ ਪਨਾਹ ਲਈ ਕੁਝ ਥਾਵਾਂ ਬਣਾਈਆਂ ਹੋਈਆਂ ਹਨ, ਜਿੱਥੇ ਲੋਕ ਬਿਜਲੀ ਗੁਲ ਹੋਣ ਦੀ ਸੂਰਤ ਵਿਚ ਆਪਣੇ ਮੋਬਾਈਲਾਂ ਤੇ ਹੋਰ ਇਲੈਕਟ੍ਰੋਨਿਕ ਉਪਕਰਨਾਂ ਨੂੰ ਚਾਰਜ ਕਰ ਸਕਦੇ ਹਨ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਲੈ ਸਕਦੇ ਹਨ। ਉਧਰ ਯੂਕਰੇਨ ਦੇ ਪੱਛਮੀ ਸ਼ਹਿਰ ਲੁਤਸਕ ਦੇ ਮੇਅਰ ਈਹੋਰ ਪੋਲਿਸ਼ਚੁਕ ਨੇ ਕਿਹਾ ਕਿ ਰੂਸੀ ਹਮਲੇ ਵਿਚ ਬਹੁਮੰਜ਼ਿਲਾ ਰਿਹਾਇਸ਼ੀ ਇਮਾਰਤ ਨੁਕਸਾਨੀ ਗਈ ਤੇ ਇਕ ਵਿਅਕਤੀ ਦੀ ਮੌਤ ਹੋ ਗਈ।

ਕੇਂਦਰੀ ਦਿਨਪਰੋਪੈਤਰੋਵਸਕ ਖੇਤਰ ਵਿਚ ਇਕ ਵਿਅਕਤੀ ਮਾਰਿਆ ਗਿਆ। ਦਰਜਨਾਂ ਘਰ ਨੁਕਸਾਨ ਗਏ ਤੇ ਦੋ ਪੂਰੀ ਤਰ੍ਹਾਂ ਤਬਾਹ ਹੋ ਗਏ। ਖੇਤਰੀ ਮੁਖੀ ਸਰਹੀ ਲਾਇਸਕ ਨੇ ਕਿਹਾ ਕਿ ਇਕ ਵਿਅਕਤੀ ਨੂੰ ਮਲਬੇ ਹੇਠੋਂ ਸੁਰੱਖਿਅਤ ਕੱਢਿਆ ਗਿਆ ਹੈ। ਇਸੇ ਤਰ੍ਹਾਂ ਦੱਖਣ-ਪੂਰਬ, ਜੋ ਜ਼ੈਪੋਰਿਜ਼ਜ਼ੀਆ ਦਾ ਅੰਸ਼ਕ ਕਬਜ਼ੇ ਵਾਲਾ ਖੇਤਰ ਹੈ, ਵਿਚ ਇਕ ਵਿਅਕਤੀ ਮਾਰਿਆ ਗਿਆ। ਖੇਤਰੀ ਹੈੱਡ ਇਵਾਨ ਫੈਡੋਰੋਵ ਨੇ ਕਿਹਾ ਕਿ ਹਮਲਿਆਂ ਦੌਰਾਨ ਮੁੱਖ ਤੌਰ ’ਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ। ਦੱਖਣੀ ਮਾਈਕੋਲੇਵ ਖੇਤਰ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ।

ਖੇਤਰੀ ਮੁਖੀ ਵਿਤਾਲੀ ਕਿਮ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੇਤਰ ਵਿਚ ਬਣਾਈਆਂ ਸੁਰੱਖਿਅਤ ਛੁਪਣਗਾਹਾਂ ਦੀ ਵਰਤੋਂ ਕਰਨ। ਕੀਵ ਦੇ ਬਾਹਰਵਾਰ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਖੇਤਰੀ ਮੁਖੀ ਰੁਸਲਾਨ ਕਰਾਵਚੈਂਕੋ ਨੇ ਕਿਹਾ ਕਿ ਹਮਲਿਆਂ ਦੌਰਾਨ ਰਿਹਾਇਸ਼ੀ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। -ਏਪੀ

ਰੂਸ ਨੇ ਅੱਧੀ ਰਾਤ ਨੂੰ ਸੈਂਕੜੇ ਮਿਜ਼ਾਈਲਾਂ ਤੇ ਡਰੋਨ ਦਾਗੇ: ਜ਼ੇਲੈਂਸਕੀ

ਕੀਵ:

ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਰੂਸ ਵੱਲੋਂ ਅੱਧੀ ਰਾਤ ਤੇ ਅੱਜ ਤੜਕੇ ਉਨ੍ਹਾਂ ਦੇ ਮੁਲਕ ’ਤੇ ਕੀਤੇ ਹਮਲਿਆਂ ਦੀ ਨਿਖੇਧੀ ਕੀਤੀ ਹੈ। ਜ਼ੇਲੈਂਸਕੀ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਲਈ 100 ਤੋਂ ਵੱਧ ਵੱਖ ਵੱਖ ਤਰ੍ਹਾਂ ਦੀਆਂ ਮਿਜ਼ਾਈਲਾਂ ਤੇ 100 ਦੇ ਕਰੀਬ ‘ਸ਼ਾਹਿਦ’ ਡਰੋਨਾਂ ਦੀ ਵਰਤੋਂ ਕੀਤੀ ਗਈ। ਯੂਕਰੇਨੀ ਆਗੂ ਨੇ ਕਿਹਾ ਕਿ ਹਮਲੇ ਵਿਚ ‘ਕੁਝ ਵਿਅਕਤੀ ਮਾਰੇ ਗਏ’ ਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਦਾਅਵਾ ਕੀਤਾ ਕਿ ਰੂਸੀ ਹਮਲੇ ਵਿਚ ਯੂਕਰੇਨ ਦੇ ਊਰਜਾ ਸੈਕਟਰ ਨੂੰ ‘ਵੱਡਾ ਨੁਕਸਾਨ’ ਪੁੱਜਾ ਹੈ। ਜ਼ੇਲੈਂਸਕੀ ਨੇ ਕਿਹਾ, ‘‘ਰੂਸ ਵੱਲੋਂ ਪਹਿਲਾਂ ਕੀਤੇ ਹਮਲਿਆਂ ਵਾਂਗ ਇਹ ਹਮਲਾ ਵੀ ਘਟੀਆ ਹਰਕਤ ਸੀ, ਜਿਸ ਵਿਚ ਅਹਿਮ ਸਿਵਲੀਅਨ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ।’’ ਯੂਕਰੇਨੀ ਸਦਰ ਨੇ ਕਿਹਾ ਕਿ ਰੂਸ ਨੇ ਖਾਰਕੀਵ ਖੇਤਰ, ਕੀਵ ਤੋਂ ਓਡੇਸਾ ਤੇ ਸਾਡੇ ਪੱਛਮੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ। -ਏਪੀ

Advertisement
Show comments