Donald Trump ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ
* ਕੜਾਕੇ ਦੀ ਠੰਢ ਕਾਰਨ ਸੰਸਦ ਦੇ ਅੰਦਰਲੇ ਹਾਲ ’ਚ ਹੋਇਆ ਸਮਾਗਮ
ਵਾਸ਼ਿੰਗਟਨ, 20 ਜਨਵਰੀ
ਰਿਪਬਲਿਕਨ ਆਗੂ ਡੋਨਲਡ ਟਰੰਪ (78) ਨੇ ਅੱਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈ ਲਿਆ ਹੈ। ਯੂਐੱਸ ਕੈਪੀਟਲ ’ਚ ਹੋਏ ਸਮਾਗਮ ਦੌਰਾਨ ਚੀਫ਼ ਜਸਟਿਸ ਜੌਹਨ ਰੌਬਰਟਸ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਹਲਫ਼ ਲੈਣ ’ਤੇ ਉਨ੍ਹਾਂ ਨੂੰ ਤੋਪਾਂ ਨਾਲ ਸਲਾਮੀ ਦਿੱਤੀ ਗਈ। ਉਨ੍ਹਾਂ ਪਰਿਵਾਰ ਦੀ ਬਾਈਬਲ ਅਤੇ 1861 ’ਚ ਰਾਸ਼ਟਰਪਤੀ ਵਜੋਂ ਹਲਫ਼ ਲੈਣ ਵਾਲੇ ਅਬਰਾਹਮ ਲਿੰਕਨ ਵੱਲੋਂ ਵਰਤੀ ਗਈ ਬਾਈਬਲ ’ਤੇ ਹੱਥ ਰੱਖ ਕੇ ਸਹੁੰ ਚੁੱਕੀ। ਇਸ ਤੋਂ ਪਹਿਲਾਂ ਜੇਡੀ ਵਾਂਸ ਨੇ ਆਪਣੀ ਪੜਦਾਦੀ ਵੱਲੋਂ ਦਿੱਤੀ ਬਾਈਬਲ ’ਤੇ ਹੱਥ ਰੱਖ ਕੇ ਉਪ ਰਾਸ਼ਟਰਪਤੀ ਅਹੁਦੇ ਦਾ ਹਲਫ਼ ਲਿਆ। ਅਮਰੀਕਾ ਦੇ ਸਿਖਰਲੇ ਅਹੁਦੇ ’ਤੇ ਟਰੰਪ ਦਾ ਇਹ ਦੂਜਾ ਕਾਰਜਕਾਲ ਹੈ ਜਿਸ ’ਚ ਉਨ੍ਹਾਂ ਅਮਰੀਕੀ ਅਦਾਰਿਆਂ ਨੂੰ ਨਵਾਂ ਰੂਪ ਦੇਣ ਦੇ ਐਲਾਨ ਕੀਤਾ ਹੈ।
ਕੜਾਕੇ ਦੀ ਠੰਢ ਕਾਰਨ ਟਰੰਪ ਦਾ ਹਲਫ਼ਦਾਰੀ ਸਮਾਗਮ ਅੰਦਰ ਖੁੱਲ੍ਹੇ ਹਾਲ ’ਚ ਕੀਤਾ ਗਿਆ। ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਜੋਅ ਬਾਇਡਨ ਨੇ ਸੱਤਾ ਤਬਦੀਲੀ ਦੀਆਂ ਰਵਾਇਤਾਂ ਨੂੰ ਜਾਰੀ ਰਖਦਿਆਂ ਵ੍ਹਾਈਟ ਹਾਊਸ ’ਚ ਡੋਨਲਡ ਟਰੰਪ ਦਾ ਚਾਹ ਅਤੇ ਕੌਫੀ ’ਤੇ ਸਵਾਗਤ ਕੀਤਾ। ਉਨ੍ਹਾਂ ਟਰੰਪ ਨਾਲ ਹੱਥ ਮਿਲਾਉਂਦਿਆਂ ਕਿਹਾ, ‘‘ਘਰ ਵਾਪਸੀ ਦਾ ਸਵਾਗਤ ਹੈ।’’ ਹਲਫ਼ਦਾਰੀ ਸਮਾਗਮ ’ਚ ਭਾਰਤ ਵੱਲੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ਮੂਲੀਅਤ ਕੀਤੀ। ਸੂਤਰਾਂ ਮੁਤਾਬਕ ਉਹ ਟਰੰਪ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿਖਿਆ ਪੱਤਰ ਵੀ ਲੈ ਕੇ ਗਏ ਹਨ। ਇਸ ਮੌਕੇ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਟਰੰਪ ਨੇ ਪਰਿਵਾਰ ਸਮੇਤ ਸੇਂਟ ਜੌਹਨਸ ਐਪਿਸਕੋਪਲ ਚਰਚ ’ਚ ਪ੍ਰਾਰਥਨਾ ਕੀਤੀ। ਹਲਫ਼ ਲੈਣ ਤੋਂ ਬਾਅਦ 200 ਤੋਂ ਵਧ ਮਹਿਮਾਨਾਂ ਲਈ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ’ਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਉਨ੍ਹਾਂ ਦੇ ਪਰਿਵਾਰ, ਅਮਰੀਕੀ ਸੁਪਰੀਮ ਕੋਰਟ ਦੇ ਜੱਜ, ਮਨੋਨੀਤ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਮੈਂਬਰ ਸ਼ਾਮਲ ਹੋਣਗੇ। ਹਲਫ਼ਦਾਰੀ ਸਮਾਗਮ ’ਚ ਇਵਾਂਕਾ ਟਰੰਪ, ਲਾਰਾ ਟਰੰਪ, ਰੌਬਰਟ ਐੱਫ ਕੈਨੇਡੀ ਜੂਨੀਅਰ, ਤੁਲਸੀ ਗਾਬਾਰਡ, ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਿਲੇਈ, ਐਪਲ ਦੇ ਟਿਮ ਕੁਕ, ਰੂਪਰਟ ਮਰਡੋਕ, ਸੈਨੇਟਰ ਮਾਰਕੋ ਰੂਬੀਓ, ਸੀਨ ਡਫੀ, ਟਿਕਟੌਕ ਦੇ ਸੀਈਓ ਸ਼ੋਊ ਚਿਊ, ਟੈਸਲਾ ਦੇ ਮੁਖੀ ਐਲਨ ਮਸਕ, ਮਾਈਕ ਵਾਲਟਜ਼, ਕਾਸ਼ ਪਟੇਲ, ਭਾਰਤ-ਅਮਰੀਕੀ ਆਗੂ ਵਿਵੇਕ ਰਾਮਾਸਵਾਮੀ, ਫੇਸਬੁੱਕ ਦੇ ਮੁਖੀ ਮਾਰਕ ਜ਼ਕਰਬਰਗ, ਜੈੱਫ ਬੇਜ਼ੋਸ, ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਸਮੇਤ ਹੋਰ ਹਸਤੀਆਂ ਹਾਜ਼ਰ ਸਨ। -ਏਪੀ
ਬਿਟਕੁਆਇਨ ਦੀਆਂ ਕੀਮਤਾਂ ’ਚ ਉਛਾਲ
ਵਾਸ਼ਿੰਗਟਨ:
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਹੁੰ ਚੁੱਕ ਸਮਾਰੋਹ ਤੋਂ ਕੁਝ ਹੀ ਘੰਟੇ ਪਹਿਲਾਂ ਅੱਜ ਤੜਕੇ ਬਿਟਕੁਆਇਨ ਦੀ ਕੀਮਤ ਵਧ ਕੇ 109,000 ਅਮਰੀਕੀ ਡਾਲਰ ਤੋਂ ਵੱਧ ਹੋ ਗਈ, ਕਿਉਂਕਿ ਕ੍ਰਿਪਟੋਕਰੰਸੀ ਉਦਯੋਗ ਨੇ ਦਾਅ ਲਗਾਇਆ ਸੀ ਕਿ ਟਰੰਪ ਵ੍ਹਾਈਟ ਹਾਊਸ ਵਿੱਚ ਪਰਤਣ ਤੋਂ ਤੁਰੰਤ ਬਾਅਦ ਕਾਰਵਾਈ ਕਰਨਗੇ। ਟਰੰਪ ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਕਿਹਾ ਸੀ ਕਿ ਬਿਟਕੁਆਇਨ ‘ਇਕ ਘਪਲੇ ਵਰਗਾ ਲੱਗਦਾ ਹੈ’’, ਨੇ ਬਦਲਾਅ ਦੇ ਜੋਸ਼ ਨਾਲ ਡਿਜੀਟਲ ਮੁਦਰਾਵਾਂ ਨੂੰ ਅਪਣਾਇਆ ਹੈ। ਉਨ੍ਹਾਂ ਇਕ ਨਵਾਂ ਕ੍ਰਿਪਟੋਕਰੰਸੀ ਉੱਦਮ ਸ਼ੁਰੂ ਕੀਤਾ ਹੈ ਅਤੇ ਅਮਰੀਕਾ ਨੂੰ ਦੁਨੀਆ ਦੀ ‘ਕ੍ਰਿਪਟੋ ਰਾਜਧਾਨੀ’ ਬਣਾਉਣ ਲਈ ਆਪਣੇ ਰਾਸ਼ਟਰਪਤੀ ਕਾਰਜਕਾਲ ਦੇ ਸ਼ੁਰੂ ਵਿੱਚ ਹੀ ਕਦਮ ਉਠਾਉਣ ਦੀ ਮੁਹਿੰਮ ਚਲਾਉਣ ਦਾ ਅਹਿਦ ਲਿਆ ਹੈ। -ਏਪੀ
ਸੀਨੀਅਰ ਡਿਪਲੋਮੈਟਾਂ ਨੂੰ ਅਹੁਦੇ ਛੱਡਣ ਲਈ ਕਿਹਾ
ਵਾਸ਼ਿੰਗਟਨ:
ਡੋਨਲਡ ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਉਨ੍ਹਾਂ ਦੀ ਟੀਮ ਨੇ ਦਰਜਨ ਤੋਂ ਵੱਧ ਸੀਨੀਅਰ ਡਿਪਲੋਮੈਟਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਹਟਣ ਲਈ ਆਖਿਆ ਹੈ, ਕਿਉਂਕਿ ਟਰੰਪ ਆਪਣੀ ਵਿਦੇਸ਼ ਨੀਤੀ ਨੂੰ ਨਵਾਂ ਆਕਾਰ ਦੇ ਰਹੇ ਹਨ। ਮਾਮਲੇ ਤੋਂ ਜਾਣੂ ਦੋ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਅਹੁਦਾ ਛੱਡਣ ਵਾਲਿਆਂ ’ਚ ਏਜੰਸੀ ਦੇ ਤੀਜੇ ਨੰਬਰ ਦੇ ਅਧਿਕਾਰੀ ਜੌਹਨ ਬਾਸ ਵੀ ਸ਼ਾਮਲ ਹਨ, ਜੋ ਏਸ਼ੀਆ ਤੋਂ ਯੂਰੋਪ ਅਤੇ ਮੱਧ ਪੂਰਬ ਤੱਕ ਨੀਤੀ ਦੇ ਦੇਖਰੇਖ ਦੇ ਰਾਜਨੀਤਕ ਮਾਮਲਿਆਂ ਸਬੰਧੀ ਐਕਟਿੰਗ ਅੰਡਰ ਸੈਕਟਰੀ ਵਜੋਂ ਕੰਮ ਰਹੇ ਹਨ। ਉਨ੍ਹਾਂ ਦੇ ਅਹੁਦਾ ਛੱਡਣ ਦੀ ਖ਼ਬਰ ਸਭ ਤੋਂ ਪਹਿਲਾਂ ‘ਵਾਸ਼ਿੰਗਟਨ ਪੋਸਟ’ ਨੇ ਦਿੱਤੀ ਸੀ। ਇੱਕ ਸੂਤਰ ਨੇ ਦੱਸਿਆ ਕਿ ਅੰਡਰ ਸੈਕਟਰੀ ਤੇ ਸਹਾਇਕ ਸੈਕਟਰੀ ਪੱਧਰ ਦੇ ਸਾਰੇ ਅਧਿਕਾਰੀਆਂ ਅਤੇ ਵਿਦੇਸ਼ ਸਕੱਤਰ ਅਧੀਨ ਸਾਰੇ ਅਧਿਕਾਰੀਆਂ ਨੂੰ ਅਹੁਦੇ ਛੱਡਣ ਲਈ ਕਿਹਾ ਗਿਆ ਸੀ। -ਰਾਇਟਰਜ਼
ਭਾਰਤ ਦੀ ਨੁਮਾਇੰਦਗੀ ਕਰ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ: ਜੈਸ਼ੰਕਰ
ਨਿਊਯਾਰਕ:
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਉਹ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਹੁੰ ਚੁੱਕ ਸਮਾਰੋਹ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਕੇ ਸਨਮਾਨਿਤ ਮਹਿਸੂਸ ਕਰ ਰਹੇ ਹਨ। ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਕਾਰਜਭਾਰ ਸੰਭਾਲਣਗੇ। ਜੈਸ਼ੰਕਰ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਅੱਜ ਵਾਸ਼ਿੰਗਟਨ ਡੀਸੀ ਵਿੱਚ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਰੋਹ ਵਿੱਚ ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਦੂਤ ਵਜੋਂ ਭਾਰਤ ਦੀ ਨੁਮਾਇੰਦਗੀ ਕਰ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।’’ -ਪੀਟੀਆਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਨਲਡ ਟਰੰਪ ਨੂੰ ਅਮਰੀਕਾ ਦਾ 47ਵਾਂ ਰਾਸ਼ਟਰਪਤੀ ਬਣਨ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਇਕ ਟਵੀਟ ’ਚ ਟਰੰਪ ਨੂੰ ਮਾਈ ਡੀਅਰ ਫਰੈਂਡ (ਮੇਰੇ ਪਿਆਰੇ ਦੋਸਤ) ਆਖ ਕੇ ਸੰਬੋਧਨ ਕੀਤਾ ਅਤੇ ਕਿਹਾ ਕਿ ਭਾਰਤ ਅਤੇ ਅਮਰੀਕਾ ਰਲ ਕੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਗੇ।
ਚੀਨ, ਕੈਨੇਡਾ ਅਤੇ ਮੈਕਸਿਕੋ ’ਤੇ ਟੈਕਸ ਲਗਾਉਣ ਦਾ ਕੀਤਾ ਜਾ ਰਿਹੈ ਅਧਿਐਨ
ਵਾਸ਼ਿੰਗਟਨ:
ਡੋਨਲਡ ਟਰੰਪ ਵੱਲੋਂ ਚੀਨ, ਕੈਨੇਡਾ ਅਤੇ ਮੈਕਸਿਕੋ ਨਾਲ ਅਮਰੀਕਾ ਦੇ ਕਾਰੋਬਾਰੀ ਸਬੰਧਾਂ ਦੇ ਅਧਿਐਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੂਤਰਾਂ ਮੁਤਾਬਕ ਉਹ ਪਹਿਲੇ ਦਿਨ ਨਵੇਂ ਟੈਕਸ ਲਗਾਉਣ ਦੇ ਹੁਕਮਾਂ ਤੋਂ ਗੁਰੇਜ਼ ਕਰਨਗੇ। ਟੈਕਸਾਂ ਤੋਂ ਰਾਹਤ ਦੀ ਸੰਭਾਵਨਾ ਮਿਲਣ ਕਰਕੇ ਅਮਰੀਕੀ ਸ਼ੇਅਰ ਬਾਜ਼ਾਰ ’ਚ ਉਛਾਲ ਦੇਖਿਆ ਗਿਆ ਅਤੇ ਡਾਲਰ ’ਚ ਗਿਰਾਵਟ ਦਰਜ ਕੀਤੀ ਗਈ। ਇਕ ਅਧਿਕਾਰੀ ਨੇ ਕਿਹਾ ਕਿ ਟਰੰਪ ਚੀਨ ਨਾਲ ਅਮਰੀਕਾ ਦੇ 2020 ਅਤੇ ਮੈਕਸਿਕੋ ਤੇ ਕੈਨੇਡਾ ਨਾਲ ਹੋਏ ਵਪਾਰ ਸਮਝੌਤਿਆਂ ਦਾ ਮੁਲਾਂਕਣ ਕਰਨ ਲਈ ਏਜੰਸੀਆਂ ਨੂੰ ਨਿਰਦੇਸ਼ ਦੇਣਗੇ। ਵ੍ਹਾਈਟ ਹਾਊਸ ਦੇ ਦਸਤਾਵੇਜ਼ ਮੁਤਾਬਕ ਟਰੰਪ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਮਹਿੰਗਾਈ ਘਟਾਉਣ ਲਈ ਤੁਰੰਤ ਹੰਗਾਮੀ ਕਦਮ ਚੁੱਕੇ ਜਾਣ। ਦਸਤਾਵੇਜ਼ਾਂ ਮੁਤਾਬਕ ਟਰੰਪ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਪਿੱਛੇ ਹਟਣ ਦਾ ਵੀ ਐਲਾਨ ਕੀਤਾ ਹੈ। -ਰਾਇਟਰਜ਼
ਅਮਰੀਕਾ ਦਾ ਸੁਨਹਿਰਾ ਦੌਰ ਸ਼ੁਰੂ ਹੋਇਆ: ਟਰੰਪ
ਹਲਫ਼ਦਾਰੀ ਸਮਾਗਮ ਮਗਰੋਂ ਆਪਣੇ ਪਹਿਲੇ ਸੰਬੋਧਨ ’ਚ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਦਾ ਸੁਨਹਿਰਾ ਦੌਰ ਸ਼ੁਰੂ ਹੋ ਗਿਆ ਹੈ। ਟਰੰਪ ਨੇ ਕਿਹਾ ਕਿ ਸਰਕਾਰ ਅਜੇ ਸੰਕਟ ਦੇ ਦੌਰ ’ਚੋਂ ਗੁਜ਼ਰ ਰਹੀ ਹੈ ਪਰ ਉਨ੍ਹਾਂ ਦੇ ਮੌਜੂਦਾ ਕਾਰਜਕਾਲ ’ਚ ਅਮਰੀਕਾ ਵਧੇਰੇ ਮਜ਼ਬੂਤ ਅਤੇ ਤਾਕਤਵਰ ਬਣ ਕੇ ਉਭਰੇਗਾ। ਅਮਰੀਕਾ ’ਚ ਘੁਸਪੈਠ ਰੋਕਣ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਲਾਸ ਏਂਜਲਸ ਵਰਗੀ ਘਟਨਾ ਨੂੰ ਨਹੀਂ ਵਾਪਰਨ ਦਿੱਤਾ ਜਾਵੇਗਾ। ਟਰੰਪ ਨੇ ਕਿਹਾ ਕਿ ਪਰਮਾਤਮਾ ਨੇ ਅਮਰੀਕਾ ਨੂੰ ਮਹਾਨ ਬਣਾਉਣ ਲਈ ਉਨ੍ਹਾਂ ਨੂੰ ਬਚਾਇਆ ਹੈ ਅਤੇ ਉਹ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਉਣ ਲਈ ਪੂਰੀ ਵਾਹ ਲਗਾ ਦੇਣਗੇ। ਪਿਛਲੇ ਸਾਲ ਚੋਣ ਪ੍ਰਚਾਰ ਦੌਰਾਨ ਟਰੰਪ ’ਤੇ ਦੋ ਵਾਰ ਹਮਲੇ ਹੋਏ ਸਨ। ਟਰੰਪ ਨੇ ਸਿਆਹਫਾਮ ਭਾਈਚਾਰੇ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਉਹ ਮੈਕਸਿਕੋ ਸਰਹੱਦ ’ਤੇ ਕੌਮੀ ਐਮਰਜੈਂਸੀ ਐਲਾਨਣਗੇ ਅਤੇ ਉਥੇ ਘੁਸਪੈਠ ਰੋਕਣ ਲਈ ਹੋਰ ਫੌਜ ਭੇਜੀ ਜਾਵੇਗੀ। ਉਨ੍ਹਾਂ ਵਿਦੇਸ਼ੀ ਅਤਿਵਾਦੀ ਜਥੇਬੰਦੀਆਂ ਦੇ ਖ਼ਾਤਮੇ ਦਾ ਵੀ ਅਹਿਦ ਲਿਆ। ਟਰੰਪ ਨੇ ਕਿਹਾ ਕਿ ਉਹ ਕਈ ਫ਼ੈਸਲਿਆਂ ਨਾਲ ਸਬੰਧਤ ਸਰਕਾਰੀ ਹੁਕਮ ਅੱਜ ਹੀ ਜਾਰੀ ਕਰਨਗੇ। ਰਾਸ਼ਟਰਪਤੀ ਨੇ ਕਿਹਾ ਪ੍ਰੈੱਸ ’ਤੇ ਸੈਂਸਰਸ਼ਿਪ ਖ਼ਤਮ ਕੀਤੀ ਜਾਵੇਗੀ ਅਤੇ ਹਰ ਕਿਸੇ ਨੂੰ ਬੋਲਣ ਦੀ ਆਜ਼ਾਦੀ ਹੋਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਅਤਿਵਾਦੀ ਮੰਨਿਆ ਜਾਵੇਗਾ। ਟਰੰਪ ਨੇ ਅਮਰੀਕੀ ਨਾਗਰਿਕਾਂ ਨੂੰ ਅਮੀਰ ਬਣਾਉਣ ਲਈ ਵਿਦੇਸ਼ੀ ਮੁਲਕਾਂ ’ਤੇ ਟੈਕਸ ਲਗਾਉਣ ਦਾ ਵੀ ਐਲਾਨ ਕੀਤਾ।