ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਰਮਨੀ ਵਿੱਚ ਘਰੇਲੂ ਹਿੰਸਾ ਦੇ ਮਾਮਲੇ ਵਧੇ

2024 ਵਿੱਚ ਘਰੇਲੂ ਹਿੰਸਾ ਦੇ ਲਗਪਗ 2,56,942 ਮਾਮਲੇ ਹੋਏ ਦਰਜ
Advertisement

ਜਰਮਨੀ ਵਿੱਚ ਹਰੇਕ ਦੋ ਮਿੰਟ ਵਿੱਚ ਕੋਈ ਨਾ ਕੋਈ ਵਿਅਕਤੀ ਆਪਣੇ ਹੀ ਘਰ ਵਿੱਚ ਹਿੰਸਾ ਦਾ ਸ਼ਿਕਾਰ ਹੁੰਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਸਲ ਮਾਮਲਿਆਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ, ਕਿਉਂਕਿ ਬਹੁਤ ਸਾਰੇ ਮਾਮਲੇ ਦਰਜ ਹੀ ਨਹੀਂ ਹੋ ਰਹੇ।

ਘਰੇਲੂ ਹਿੰਸਾ ਦੇ ਲਗਪਗ 80 ਫੀਸਦ ਮਾਮਲਿਆਂ ਵਿੱਚ ਪੀੜਤ ਔਰਤਾਂ ਹੁੰਦੀਆਂ ਹਨ। ਜਰਮਨ ਅਖ਼ਬਾਰ ‘ਵੈਲਟ ਐਮ ਸੋਨਟੈਗ’ ਮੁਤਾਬਕ, ਸੰਘੀ ਅਪਰਾਧਿਕ ਪੁਲੀਸ ਦਫ਼ਤਰ ਦੇ ਹਾਲ ਹੀ ਵਿੱਚ ਜਾਰੀ ਅੰਕੜਿਆਂ ਮੁਤਾਬਕ 2024 ਵਿੱਚ ਜਰਮਨੀ ’ਚ ਘਰੇਲੂ ਹਿੰਸਾ ਦੇ ਪੀੜਤਾਂ ਦੀ ਗਿਣਤੀ ਸਭ ਤੋਂ ਵੱਧ ਰਹੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਲਗਪਗ 2,56,942 ਮਾਮਲੇ ਦਰਜ ਕੀਤੇ ਗਏ ਜੋ ਕਿ ਹੁਣ ਤੱਕ ਦਾ ਸਭ ਤੋਂ ਉੱਚਾ ਅੰਕੜਾ ਹੈ।

Advertisement

ਪਿਛਲੇ ਸਾਲ ਦੇ ਮੁਕਾਬਲੇ ਇਹ ਲਗਪਗ 3.7 ਫੀਸਦ ਦਾ ਵਾਧਾ ਦਰਸਾਉਂਦਾ ਹੈ ਪਰ ਮਾਹਿਰ ਚਿਤਾਵਨੀ ਦਿੰਦੇ ਹਨ ਕਿ ਦਰਜ ਨਾ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ, ਕਿਉਂਕਿ ਨਿੱਜੀ ਸਥਾਨਾਂ ’ਤੇ ਹੋਣ ਵਾਲੇ ਅਪਰਾਧ ਅਕਸਰ ਦਰਜ ਨਹੀਂ ਕੀਤੇ ਜਾਂਦੇ। 2023 ਵਿੱਚ, ਅਧਿਕਾਰਤ ਅੰਕੜਿਆਂ ਅਨੁਸਾਰ, ਜਰਮਨੀ ਵਿੱਚ ਔਰਤਾਂ ਦੇ ਕਤਲ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਲਗਪਗ ਤਿੰਨ ਗੁਣਾ ਵੱਧ ਸੀ। ਔਸਤ, ਲਗਪਗ ਹਰ ਰੋਜ਼ ਇੱਕ ਔਰਤ ਦਾ ਕਤਲ ਕੀਤਾ ਜਾਂਦਾ ਹੈ ਤੇ ਜ਼ਿਆਦਾਤਰ ਮਾਮਲਿਆਂ ਵਿੱਚ ਕਤਲ ਕਰਨ ਵਾਲਾ ਉਸ ਦਾ ਸਾਥੀ ਹੁੰਦਾ ਹੈ।

ਦੇਸ਼ ਭਰ ਵਿੱਚ ਅਪਰਾਧੀਆਂ ਲਈ ਇਲੈਕਟ੍ਰੌਨਿਕ ਟੈਗ ਦੀ ਵਰਤੋਂ ਕਰਨ ਦੀ ਤਜਵੀਜ਼

ਵਧਦੇ ਅੰਕੜਿਆਂ ਨੂੰ ਦੇਖਦੇ ਹੋਏ, ਜਰਮਨੀ ਵਿੱਚ ਵੀ ਸਪੇਨ ਦੇ ਮਾਡਲ ’ਤੇ ਅਪਰਾਧੀਆਂ ਲਈ ਪੈਰ ਵਿੱਚ ਬੰਨ੍ਹਣ ਵਾਲੇ ਇਲੈਕਟ੍ਰੌਨਿਕ ਟੈਗ ਦੀ ਵਰਤੋਂ ਕਰਨ ਦੀ ਤਜਵੀਜ਼ ਹੈ। ਇਹ ਪਹਿਲਾਂ ਹੀ ਹੈਸੇ ਅਤੇ ਜ਼ੈਕਸੋਨੀ ਵਿੱਚ ਵਰਤੇ ਜਾ ਰਹੇ ਹਨ ਅਤੇ ਸੰਘੀ ਸਰਕਾਰ ਇਸ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਪਰਿਵਾਰਕ ਮਾਮਲਿਆਂ ਬਾਰੇ ਸੰਘੀ ਮੰਤਰਾਲੇ ਅਨੁਸਾਰ, ਘਰੇਲੂ ਹਿੰਸਾ ਦੇ ਵਾਧੇ ਦੇ ਸੰਭਾਵੀ ਕਾਰਨਾਂ ਨੂੰ ‘ਸਮਾਜਿਕ ਸੰਕਟਾਂ ਅਤੇ ਨਿੱਜੀ ਚੁਣੌਤੀਆਂ ਕਾਰਨ ਹਿੰਸਾ ਦੀ ਵਰਤੋਂ ਕਰਨ ਦੀ ਵਧਦੀ ਇੱਛਾ’ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਮੰਤਰਾਲੇ ਨੇ ਇਹ ਵੀ ਜ਼ੋਰ ਦਿੱਤਾ ਕਿ ਹਿੰਸਾ ਦੀ ਰਿਪੋਰਟ ਕਰਨ ਦੀ ਵਧਦੀ ਇੱਛਾ ਵੀ ਇੱਕ ਕਾਰਨ ਹੋ ਸਕਦੀ ਹੈ।

Advertisement