ਕੈਲੀਫੋਰਨੀਆ ’ਚ ਦੀਵਾਲੀ ’ਤੇ ਸਰਕਾਰੀ ਛੁੱਟੀ
ਭਾਰਤੀ ਪਰਵਾਸੀਆਂ ਲਈ ਇਤਿਹਾਸਕ ਘਟਨਾਕ੍ਰਮ ਤਹਿਤ ਕੈਲੀਫੋਰਨੀਆ ਨੇ ਦੀਵਾਲੀ ’ਤੇ ਸਰਕਾਰੀ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਇੰਝ ਕੈਲੀਫੋਰਨੀਆ, ਅਮਰੀਕਾ ਦਾ ਤੀਜਾ ਸੂਬਾ ਬਣ ਗਿਆ ਹੈ, ਜਿਸ ਨੇ ਭਾਰਤ ਦੇ ਰੌਸ਼ਨੀਆਂ ਦੇ ਤਿਉਹਾਰ ਨੂੰ ਅਧਿਕਾਰਤ ਤੌਰ ’ਤੇ ਛੁੱਟੀ ਵਜੋਂ ਮਾਨਤਾ ਦਿੱਤੀ ਹੈ। ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਨੇ ਅੱਜ ਦੱਸਿਆ ਕਿ ਉਨ੍ਹਾਂ ਅਸੈਂਬਲੀ ਮੈਂਬਰ ਐਸ਼ ਕਾਲੜਾ ਵੱਲੋਂ ਪੇਸ਼ ਦੀਵਾਲੀ ਨੂੰ ਸਰਕਾਰੀ ਛੁੱਟੀ ਐਲਾਨੇ ਜਾਣ ਵਾਲੇ ਬਿੱਲ ’ਤੇ ਦਸਤਖ਼ਤ ਕਰ ਦਿੱਤੇ ਹਨ। ਸਤੰਬਰ ’ਚ ‘ਏ ਬੀ 268’ ਨਾਮ ਦਾ ਬਿੱਲ ਕੈਲੀਫੋਰਨੀਆ ਵਿਧਾਨ ਸਭਾ ਦੇ ਦੋਵੇਂ ਸਦਨਾਂ ਵੱਲੋਂ ਪਾਸ ਕਰ ਦਿੱਤਾ ਗਿਆ ਸੀ ਅਤੇ ਉਸ ’ਤੇ ਨਿਊਸਮ ਦੇ ਆਖਰੀ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਸੀ। ਕਾਲੜਾ ਨੇ ਪਿਛਲੇ ਮਹੀਨੇ ਕਿਹਾ ਸੀ, ‘‘ਕੈਲੀਫੋਰਨੀਆ ’ਚ ਭਾਰਤੀ-ਅਮਰੀਕੀਆਂ ਦੀ ਵੱਡੀ ਆਬਾਦੀ ਹੈ ਅਤੇ ਦੀਵਾਲੀ ਨੂੰ ਸਰਕਾਰੀ ਛੁੱਟੀ ਐਲਾਨੇ ਜਾਣ ਨਾਲ ਲੱਖਾਂ ਕੈਲੀਫੋਰਨੀਆ ਵਾਸੀਆਂ ਤੱਕ ਇਸ ਦਾ ਸੁਨੇਹਾ ਪਹੁੰਚੇਗਾ ਜੋ ਇਸ ਨੂੰ ਮਨਾਉਂਦੇ ਹਨ ਅਤੇ ਵਿਭਿੰਨਤਾ ਨਾਲ ਭਰੇ ਸਾਡੇ ਸੂਬੇ ’ਚ ਕਈ ਲੋਕਾਂ ਨੂੰ ਇਹ ਅਪਣਾਉਣ ’ਚ ਸਹਾਇਤਾ ਮਿਲੇਗੀ।’’ ਉਨ੍ਹਾਂ ਕਿਹਾ ਕਿ ਦੀਵਾਲੀ ਸਦਭਾਵਨਾ, ਸ਼ਾਂਤੀ ਅਤੇ ਏਕੇ ਦੀ ਭਾਵਨਾ ਦਾ ਸੁਨੇਹਾ ਦੇਣ ਲਈ ਸਾਰੇ ਫਿਰਕਿਆਂ ਨੂੰ ਇਕਜੁੱਟ ਕਰਦੀ ਹੈ। ਅਕਤੂਬਰ 2024 ’ਚ ਪੈਨਸਿਲਵੇਨੀਆ ਅਤੇ ਮੌਜੂਦਾ ਵਰ੍ਹੇ ਕਨੈਕਟੀਕਟ ਨੇ ਦੀਵਾਲੀ ਨੂੰ ਸਰਕਾਰੀ ਛੁੱਟੀ ਵਜੋਂ ਮਾਨਤਾ ਦਿੱਤੀ ਸੀ।