ਅਮਰੀਕੀ ਮੰਤਰੀ ਨਾਲ ਊਰਜਾ ਵਪਾਰ ਬਾਰੇ ਚਰਚਾ ਕੀਤੀ
ਭਾਰਤ ਤੇ ਅਮਰੀਕਾ ਨੇ ਊਰਜਾ ਸੁਰੱਖਿਆ ਭਾਈਵਾਲੀ ਅਤੇ ਊਰਜਾ ਵਪਾਰ ਤੇ ਸਬੰਧਾਂ ਦੇ ਹਾਲੀਆ ਘਟਨਾਕ੍ਰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਸਬੰਧ ’ਚ ਭਾਰਤ ਦੇ ਅਮਰੀਕਾ ’ਚ ਸਫ਼ੀਰ ਵਿਨੈ ਮੋਹਨ ਕਵਾਤੜਾ ਨੇ ਅਮਰੀਕਾ ਦੇ ਊਰਜਾ ਬਾਰੇ ਉਪ ਮੰਤਰੀ ਜੇਮਸ ਡੈਨਲੀ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਉਸ ਸਮੇਂ ਹੋਈ ਹੈ ਜਦੋਂ ਭਾਰਤ ਅਤੇ ਅਮਰੀਕਾ ਵਿਚਾਲੇ ਤਜਵੀਜ਼ਤ ਦੁਵੱਲੇ ਵਪਾਰ ਸਮਝੌਤੇ ਦੇ ਸਬੰਧ ’ਚ ਵਿਚਾਰ ਵਟਾਂਦਰਾ ਹੋ ਰਿਹਾ ਹੈ।
ਇਕ ਅਧਿਕਾਰੀ ਮੁਤਾਬਿਕ ਦੋਵੇਂ ਮੁਲਕਾਂ ਵਿਚਾਲੇ ਬਹੁਤ ਛੇਤੀ ਵਪਾਰ ਸਮਝੌਤਾ ਨੇਪਰੇ ਚੜ੍ਹਨ ਵਾਲਾ ਹੈ। ਕਵਾਤੜਾ ਨੇ ਸੋਸ਼ਲ ਮੀਡੀਆ ਪੋਸਟ ’ਚ ਸ਼ਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਡੈਨਲੀ ਨਾਲ ਊਰਜਾ ਸੁਰੱਖਿਆ ਭਾਈਵਾਲੀ ਬਾਰੇ ਸਾਰਥਕ ਗੱਲਬਾਤ ਕੀਤੀ। ਉਨ੍ਹਾਂ ਲੌਕਹੀਡ ਮਾਰਟਿਨ ਦੇ ਸੀ ਈ ਓ ਜਿਮ ਟੈਕਲੇਟ ਨਾਲ ਮੁਲਾਕਾਤ ਕਰਕੇ ਭਾਰਤ-ਅਮਰੀਕਾ ਸਨਅਤੀ ਸਹਿਯੋਗ ਬਾਰੇ ਚਰਚਾ ਕੀਤੀ। ਦੋਹਾਂ ਨੇ ਇਸ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਕਿ ਕਿਵੇਂ ਅਮਰੀਕੀ ਰੱਖਿਆ ਕੰਪਨੀਆਂ ਨਵੀਂ ਦਿੱਲੀ ਦੇ ‘ਆਤਮ-ਨਿਰਭਰ ਭਾਰਤ’ ਦੇ ਟੀਚਿਆਂ ’ਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਕਵਾਤੜਾ ਨੇ ਵੀਰਵਾਰ ਨੂੰ ਰਿਪਬਲਿਕ ਸੈਨੇਟਰ ਟੇਨੇਸੀ ਬਿਲ ਹੈਗਰਟੀ ਅਤੇ ਉਨ੍ਹਾਂ ਦੀ ਪਤਨੀ ਨਾਲ ਮੁਲਾਕਾਤ ਕੀਤੀ ਸੀ। ਭਾਰਤੀ ਸਫ਼ੀਰ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਉਨ੍ਹਾਂ ਹੈਗਰਟੀ ਨਾਲ ਦੁਵੱਲੇ ਲਾਭਕਾਰੀ ਵਪਾਰ ਸਮਝੌਤੇ ਸਮੇਤ ਹੋਰ ਮੁੱਦਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।
