ਡੈਨਮਾਰਕ ਵਿੱਚ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਤੱਕ ਪਹੁੰਚ ’ਤੇ ਲੱਗੇਗੀ ਪਾਬੰਦੀ
Denmark's government aims to ban access to social media for children aged under 15 ਡੈਨਮਾਰਕ ਦੀ ਸਰਕਾਰ ਨੇ 15 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਲਈ ਸੋਸ਼ਲ ਮੀਡੀਆ ਤੱਕ ਪਹੁੰਚ ’ਤੇ ਪਾਬੰਦੀ ਲਗਾਉਣ ਲਈ ਇੱਕ ਰਾਜਨੀਤਿਕ ਸਮਝੌਤਾ ਕਰਨ ਦਾ ਐਲਾਨ ਕੀਤਾ।
ਡਿਜੀਟਲਾਈਜ਼ੇਸ਼ਨ ਮੰਤਰਾਲੇ ਦੀ ਅਗਵਾਈ ਹੇਠ ਇਹ ਕਦਮ ਸੋਸ਼ਲ ਮੀਡੀਆ ਤੱਕ ਪਹੁੰਚ ਲਈ ਉਮਰ ਸੀਮਾ ਨਿਰਧਾਰਤ ਕਰੇਗਾ। ਇਸ ਤਹਿਤ ਕੁਝ ਮਾਪਿਆਂ ਨੂੰ ਇੱਕ ਖਾਸ ਮੁਲਾਂਕਣ ਤੋਂ ਬਾਅਦ ਆਪਣੇ ਬੱਚਿਆਂ ਨੂੰ 13 ਸਾਲ ਦੀ ਉਮਰ ਤੋਂ ਸੋਸ਼ਲ ਮੀਡੀਆ ਤੱਕ ਪਹੁੰਚ ਕਰਨ ਲਈ ਸਹਿਮਤੀ ਦੇਣ ਦਾ ਅਧਿਕਾਰ ਹੋਵੇਗਾ।
ਸਰਕਾਰ ਦਾ ਇਹ ਕਦਮ ਛੋਟੇ ਬੱਚਿਆਂ ਵਿੱਚ ਸੋਸ਼ਲ ਮੀਡੀਆ ਦੀ ਵਧ ਰਹੀ ਵਰਤੋਂ ਨੂੰ ਦੂਰ ਕਰਨ ਲਈ ਯੂਰਪੀਅਨ ਸਰਕਾਰ ਵਲੋਂ ਹੁਣ ਤੱਕ ਦੇ ਸਭ ਤੋਂ ਵੱਡੇ ਕਦਮਾਂ ਵਿੱਚੋਂ ਇੱਕ ਹੋਵੇਗਾ।
ਇਸ ਸਬੰਧ ਵਿਚ ਆਸਟਰੇਲੀਆ ਨੇ ਸਭ ਤੋਂ ਪਹਿਲਾਂ ਪਾਬੰਦੀ ਲਾਈ ਸੀ ਜਿੱਥੇ ਸੰਸਦ ਨੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਹੁੰਚ ਲਈ ਘੱਟੋ ਘੱਟ ਉਮਰ 16 ਸਾਲ ਨਿਰਧਾਰਤ ਕੀਤੀ ਸੀ। ਉਨ੍ਹਾਂ ਛੋਟੀ ਉਮਰ ਦੇ ਬੱਚਿਆਂ ਲਈ TikTok, Facebook, Snapchat, Reddit, X ਅਤੇ Instagram ਵਰਗੇ ਪਲੇਟਫਾਰਮਾਂ ਦੀ ਵਰਤੋਂ ’ਤੇ ਪਾਬੰਦੀ ਲਾ ਦਿੱਤੀ ਸੀ ਤੇ ਨਿਯਮਾਂ ਦਾ ਉਲੰਘਣ ਕਰਨ ’ਤੇ 50 ਮਿਲੀਅਨ ਆਸਟਰੇਲਿਆਈ ਡਾਲਰ (USD33 ਮਿਲੀਅਨ) ਤੱਕ ਦਾ ਜੁਰਮਾਨਾ ਲਾਉਣ ਦਾ ਨਿਯਮ ਬਣਾ ਦਿੱਤਾ ਸੀ। ਯੂਰਪੀ ਸੰਘ ਦੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਹੋਣ ਦੇ ਨਾਤੇ ਡੈਨਮਾਰਕ ਹੁਣ ਸੋਸ਼ਲ ਮੀਡੀਆ ’ਤੇ ਉਮਰ ਸੀਮਾਵਾਂ ਲਾਗੂ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕ ਰਿਹਾ ਹੈ। ਏਪੀ
