ਆਵਾਸ ਦੇ ਵਿਰੋਧ ਤੇ ਹੱਕ ’ਚ ਪ੍ਰਦਰਸ਼ਨ
ਇੱਥੇ ਆਵਾਸ ਦੇ ਹੱਕ ਅਤੇ ਵਿਰੋਧ ਵਿੱਚ ਵੱਖੋ-ਵੱਖ ਪ੍ਰਦਰਸ਼ਨ ਹੋਏ ਹਨ। ਇੱਕ ਪਾਸੇ ਆਵਾਸ ’ਤੇ ਰੋਕ ਲਾਉਣ ਦੀ ਮੰਗ ਹੋਈ ਤਾਂ ਦੂਜੇ ਪਾਸੇ ਇਸ ਨੂੰ ਵਧਾਉਣ ਲਈ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਨਸਲ ਵਿਰੋਧੀ ਟਿੱਪਣੀਆਂ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਗਈ।
ਸਿਡਨੀ ’ਚ ਆਵਾਸ ਵਿਰੋਧੀ ਰੈਲੀ ਨੂੰ ਸੰਬੋਧਨ ਕਰਦੇ ਆਗੂ ਮਾਈਕਲ ਬਰਾਊਨ ਨੇ ਕਿਹਾ ਕਿ ਸਰਕਾਰ ਵੋਟ ਬੈਂਕ ਵਧਾਉਣ ਖਾਤਰ ਨਵੇਂ ਆਵਾਸੀਆਂ ਨੂੰ ਆਉਣ ਦੀ ਖੁੱਲ੍ਹ ਦੇ ਰਹੀ ਹੈ, ਜਿਸ ਨਾਲ ਆਸਟਰੇਲੀਆ ਦਾ ਬੁਨਿਆਦੀ ਢਾਂਚਾ ਲੀਹੋਂ ਲੱਥ ਗਿਆ ਹੈ। ਮਹਿੰਗਾਈ ਤੋਂ ਇਲਾਵਾ ਆਸਟਰੇਲੀਆ ਵਿੱਚ ਰਹਿਣ-ਸਹਿਣ ਦਾ ਮਿਆਰ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਨਵੇਂ ਪਰਵਾਸੀਆਂ ਦੀ ਆਮਦ ’ਤੇ ਰੋਕ ਲਾ ਕੇ ਪੰਜ ਸਾਲਾਂ ਵਿੱਚ ਮੁਲਕ ਦੀ ਦਸ਼ਾ ਤੇ ਦਿਸ਼ਾ ਬਦਲੀ ਜਾਵੇ। ਦੂਜੇ ਪਾਸੇ ਆਵਾਸ ਦੇ ਹੱਕ ਵਿੱਚ ਇੱਥੇ ਵਸਦੇ ਪਰਵਾਸੀਆਂ ਨੇ ਆਵਾਸ ਨੂੰ ਵਧਾਉਣ, ਨਸਲੀ ਵਿਤਕਰੇ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਆਸਟਰੇਲੀਆ ਦੀ ਬੁਨਿਆਦ ਹੀ ਆਵਾਸ ਨਾਲ ਜੁੜੀ ਹੈ। ਕਿਸੇ ਨੂੰ ਪਰਵਾਸੀ ਕਹਿ ਕਿ ਪੱਖਪਾਤ ਤੇ ਨਸਲੀ ਵਿਤਕਰਾ ਕਰਨਾ ਕਾਨੂੰਨ ਦੀ ਉਲੰਘਣਾ ਹੈ। ਉਧਰ, ਆਸਟਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬੁਰਕ ਨੇ ਸਪੱਸ਼ਟ ਕਿਹਾ ਕਿ ਆਵਾਸ ਦੀ ਗਿਣਤੀ ਪਹਿਲੋਂ ਨਾਲ ਘੱਟ ਹੈ। ਇਹ ਕੇਵਲ ਲੋੜ ’ਤੇ ਆਧਾਰਿਤ ਹੈ। ਉਨਾਂ ਆਵਾਸ ਵਿਰੋਧੀ ਰੈਲੀਆਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਸਤੰਬਰ ਵਿੱਚ ਸਰਕਾਰ ਨੇ ਵਰ੍ਹਾ 2025-26 ਵਿੱਚ 185,000 ਸਥਾਈ ਵੀਜ਼ੇ ਜਾਰੀ ਕਰਨ ਦਾ ਐਲਾਨ ਕੀਤਾ ਸੀ, ਪਰ ਇਹ ਗਿਣਤੀ ਕੋਵਿਡ ਮਹਾਮਾਰੀ ਤੋਂ ਬਾਅਦ ਵੱਧ ਰਹੀਆਂ ਜ਼ਰੂਰਤਾਂ ਤਹਿਤ ਬਹੁਤ ਘੱਟ ਹੈ।