ਭਾਰਤ ਅਤੇ ਚੀਨ ਨੂੰ ਲਿਪੂਲੇਖ ਵਪਾਰ ਸਮਝੌਤਾ ਵਾਪਸ ਲੈਣ ਦੀ ਮੰਗ
ਨੇਪਾਲ ਦੀ ਹੁਕਮਰਾਨ ਧਿਰ ਸੀ ਪੀ ਐੱਨ-ਯੂ ਐੱਮ ਐੱਲ ਨੇ ਭਾਰਤ ਅਤੇ ਚੀਨ ਵੱਲੋਂ ਲਿਪੂਲੇਖ ਦੱਰੇ ਰਾਹੀਂ ਵਪਾਰ ਸ਼ੁਰੂ ਕਰਨ ਸਬੰਧੀ ਸਮਝੌਤੇ ’ਤੇ ਚਿੰਤਾ ਜਤਾਉਂਦਿਆਂ ਦੋਵੇਂ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਫ਼ੈਸਲੇ ਨੂੰ ਵਾਪਸ ਲੈ ਲੈਣ। ਭਾਰਤ ਅਤੇ ਚੀਨ ਨੇ ਪਿਛਲੇ ਮਹੀਨੇ ਲਿਪੂਲੇਖ ਦੱਰੇ ਅਤੇ ਹੋਰ ਥਾਵਾਂ ਤੋਂ ਵਪਾਰ ਸ਼ੁਰੂ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ। ਨੇਪਾਲ ਦਾ ਦਾਅਵਾ ਹੈ ਕਿ ਲਿਪੂਲੇਖ ਉਸ ਦਾ ਇਲਾਕਾ ਹੈ, ਜਦਕਿ ਭਾਰਤ ਨੇ ਇਸ ਦਾਅਵੇ ਨੂੰ ਇਤਿਹਾਸਕ ਤੱਥਾਂ ਅਤੇ ਸਬੂਤਾਂ ਨਾਲ ਨਕਾਰ ਦਿੱਤਾ ਹੈ। ਪਾਰਟੀ ਨੇ ਨੇਪਾਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉੱਚ ਪੱਧਰੀ ਕੂਟਨੀਤਕ ਕਦਮਾਂ ਰਾਹੀਂ ਇਸ ਮੁੱਦੇ ਦਾ ਹੱਲ ਕੱਢੇ।
ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੀ ਅਗਵਾਈ ਹੇਠਲੀ ਸੀ ਪੀ ਐੱਨ-ਯੂ ਐੱਮ ਐੱਲ ਨੇ 5 ਤੋਂ 7 ਸਤੰਬਰ ਤੱਕ ਹੋਈ ਕੌਮੀ ਕਨਵੈਨਸ਼ਨ ਦੌਰਾਨ 28 ਨੁਕਾਤੀ ਤਜਵੀਜ਼ਾਂ ਪਾਸ ਕੀਤੀਆਂ, ਜਿਨ੍ਹਾਂ ’ਚ ਲਿਪੂਲੇਖ ਦਾ ਮਾਮਲਾ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ 2020 ’ਚ ਨੇਪਾਲ ਨੇ ਸਿਆਸੀ ਨਕਸ਼ਾ ਜਾਰੀ ਕਰਕੇ ਸਰਹੱਦੀ ਵਿਵਾਦ ਪੈਦਾ ਕਰ ਦਿੱਤਾ ਸੀ ਜਿਸ ’ਚ ਕਾਲਾਪਾਣੀ, ਲਿਮਪਿਆਧੁਰਾ ਅਤੇ ਲਿਪੂਲੇਖ ਨੂੰ ਮੁਲਕ ਦਾ ਹਿੱਸਾ ਦਿਖਾਇਆ ਗਿਆ ਸੀ। ਭਾਰਤ ਨੇ ਦਾਅਵੇ ਨੂੰ ਸਖ਼ਤੀ ਨਾਲ ਨਕਾਰ ਦਿੱਤਾ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਹੁਣੇ ਜਿਹੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਲਿਪੂਲੇਖ ਦੱਰੇ ਤੋਂ ਵਪਾਰ 1954 ਤੋਂ ਚੱਲ ਰਿਹਾ ਹੈ।