ਹਾਂਗ ਕਾਂਗ ਉੱਚ ਰਿਹਾਇਸ਼ੀ ਇਮਾਰਤਾਂ ਵਿਚ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ 128 ਹੋਈ
ਹਾਂਗਕਾਂਗ ਦੇ ਨਿਊ ਟੈਰੇਟਰੀਜ਼ ਦੇ ਸਬਅਰਬ ਤਾਈ ਪੋ ਡਿਸਟ੍ਰਿਕਟ ਦੇ ਹਾਊਸਿੰਗ ਕੰਪਲੈਕਸ ਵਿਚ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 128 ਹੋ ਗਈ ਹੈ ਜਦਕਿ ਦੌ ਸੌ ਜਣੇ ਹਾਲੇ ਵੀ ਲਾਪਤਾ ਹਨ। ਇਸ ਮਾਮਲੇ ਵਿਚ ਪੁਲੀਸ ਨੇ ਅੱਠ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਤਫ਼ਤੀਸ਼ਕਾਰ ਇਸ ਗੱਲ ਦੀ ਜਾਂਚ ਕਰਨਗੇ ਉੱਚੀਆਂ ਇਮਾਰਤਾਂ ਦੀਆਂ ਬਾਹਰਲੀਆਂ ਦੀਵਾਰਾਂ ’ਤੇ ਲੱਗਾ ਸਾਮਾਨ ਅੱਗ ਤੋਂ ਬਚਣ ਦੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਜਾਂ ਨਹੀਂ ਕਿਉਂਕਿ ਅੱਗ ਦਾ ਇੰਨੀ ਤੇਜ਼ੀ ਨਾਲ ਫੈਲਣਾ ਕੋਈ ਆਮ ਗੱਲ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਅੱਗ ਇਕ ਇਮਾਰਤ, 32 ਮੰਜ਼ਿਲਾ ਟਾਵਰ ਦੀ ਬਾਹਰੀ ਮਚਾਨ ’ਤੇ ਲੱਗੀ ਤੇ ਮਗਰੋਂ ਤੇਜ਼ ਹਵਾ ਕਰਕੇ ਇਮਾਰਤ ਦੇ ਅੰਦਰ ਤੇ ਫਿਰ ਨੇੜਲੀਆਂ ਇਮਾਰਤਾਂ ਵਿਚ ਫੈਲ ਗਈ।
ਇਸ ਹਾਊਸਿੰਗ ਕੰਪਲੈਕਸ ਵਿੱਚ ਅੱਠ ਇਮਾਰਤਾਂ ਸਨ ਜਿਨ੍ਹਾਂ ਵਿੱਚ ਕਰੀਬ 2,000 ਅਪਾਰਟਮੈਂਟ ਸਨ। ਇਨ੍ਹਾਂ ਜਿਨ੍ਹਾਂ ਵਿੱਚ ਕਰੀਬ 4,800 ਲੋਕ ਰਹਿੰਦੇ ਸਨ, ਜਿਨ੍ਹਾਂ ਵਿੱਚ ਬਹੁਤ ਸਾਰੇ ਬਜ਼ੁਰਗ ਵੀ ਸ਼ਾਮਲ ਸਨ। ਇਹ 1980 ਦੇ ਦਹਾਕੇ ਵਿੱਚ ਬਣਾਇਆ ਗਿਆ ਸੀ ਅਤੇ ਹਾਲ ਹੀ ਵਿੱਚ ਇਸ ਦੀ ਵੱਡੇ ਪੱਧਰ ’ਤੇੇ ਰੈਨੋਵੇਸ਼ਨ ਕੀਤੀ ਗਈ ਸੀ। ਅੱਗ ਬੁਝਾਊ ਦਸਤੇ ਨੂੰ ਮੌਕੇ ’ਤੇ 140 ਤੋਂ ਵੱਧ ਫਾਇਰ ਟਰੱਕ ਤੇ 60 ਤੋਂ ਵੱਧ ਐਂਬੂਲੈਂਸਾਂ ਤਾਇਨਾਤ ਕਰਨੀਆਂ ਪਈਆਂ। ਮ੍ਰਿਤਕਾਂ ਵਿਚ 37 ਸਾਲਾ ਫਾਇਰ ਫਾਈਟਰ ਵੀ ਸ਼ਾਮਲ ਹੈ। ਜ਼ਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਅੱਗ ਕਰਕੇ ਘਰੋਂ ਬੇਘਰ ਹੋਏ ਲੋਕਾਂ ਲਈ ਆਰਜ਼ੀ ਰੈਣ ਬਸੇਰੇ ਖੋਲ੍ਹ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਨਵੰਬਰ 1996 ਵਿਚ ਕੋਅਲੂਨ ਵਿਚ ਇਕ ਕਮਰਸ਼ੀਅਲ ਇਮਾਰਤ ਨੂੰ ਲੱਗੀ ਅੱਗ ਕਾਰਨ 41 ਵਿਅਕਤੀਆਂ ਦੀ ਮੌਤ ਹੋ ਗਈ ਸੀ। ਉਦੋਂ ਅੱਗ ’ਤੇ ਕਾਬੂ ਪਾਉਣ ਵਿਚ 20 ਘੰਟੇ ਲੱਗੇ ਸਨ।
