ਕਾਲਮੇਗੀ ਤੂਫ਼ਾਨ ਨਾਲ ਮੌਤਾਂ ਦੀ ਗਿਣਤੀ 85
ਮੱਧ ਫਿਲਪੀਨਜ਼ ਵਿੱਚ ਕਾਲਮੇਗੀ ਤੂਫ਼ਾਨ ਕਾਰਨ 85 ਲੋਕਾਂ ਦੀ ਮੌਤ ਹੋਈ ਹੈ ਜਦੋਂ ਕਿ 75 ਹੋਰ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਲੋਕਾਂ ਦੀ ਮੌਤ ਭਿਆਨਕ ਹੜ੍ਹ ਵਿੱਚ ਫਸਣ ਅਤੇ ਤੇਜ਼ ਵਹਾਅ ਵਿੱਚ ਰੁੜ੍ਹਨ ਕਾਰਨ ਹੋਈ ਹੈ।
ਫ਼ੌਜ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਛੇ ਰਾਹਤ ਕਰਮੀ ਵੀ ਸ਼ਾਮਲ ਹਨ। ਬੀਤੇ ਦਿਨੀਂ ਹਵਾਈ ਸੈਨਾ ਦਾ ਹੈਲੀਕਾਪਟਰ ਵੀ ਹਾਦਸਾਗ੍ਰਸਤ ਹੋ ਗਿਆ ਸੀ। ਇਹ ਹੈਲੀਕਾਪਟਰ ਦੱਖਣੀ ਆਗੁਸਨ ਡੇਲ ਸੂਰ ਸੂਬੇ ਵਿੱਚ ਹਾਦਸਾਗ੍ਰਸਤ ਹੋਇਆ ਸੀ ਅਤੇ ਇਸ ਵਿੱਚ ਸਵਾਰ ਸਾਰੇ ਲੋਕ ਮਾਰੇ ਗਏ ਸਨ। ਮੌਸਮ ਮਾਹਿਰਾਂ ਅਨੁਸਾਰ ਤੂਫਾਨ ਅੱਜ ਦੁਪਹਿਰੇ ਪੱਛਮੀ ਪਲਾਵਨ ਸੂਬੇ ਵਿਚੋਂ ਗੁਜ਼ਰਨ ਬਾਅਦ ਦੱਖਣੀ ਚੀਨ ਸਾਗਰ ਵੱਲ ਵਧ ਗਿਆ। ਇਸ ਦੌਰਾਨ ਹਵਾ ਦੀ ਰਫ਼ਤਾਰ 130 ਤੋਂ 180 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹੀ। ਸਿਵਲ ਡਿਫੈਂਸ ਦਫ਼ਤਰ ਦੇ ਉਪ ਪ੍ਰਸ਼ਾਸਕ ਅਤੇ ਸੂਬਾਈ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਸੀਬੂ ਸੂਬੇ ਵਿੱਚ ਹੋਈਆਂ ਜਿੱਥੇ ਤੂਫਾਨ ਕਾਰਨ ਅਚਾਨਕ ਹੜ੍ਹ ਆ ਗਿਆ ਅਤੇ ਨਦੀਆਂ ’ਚ ਪਾਣੀ ਦਾ ਪੱਧਰ ਵਧ ਗਿਆ। ਹੜ੍ਹ ਕਾਰਨ ਰਿਹਾਇਸ਼ੀ ਖੇਤਰ ਪਾਣੀ ਵਿੱਚ ਡੁੱਬ ਗਏ ਅਤੇ ਲੋਕਾਂ ਨੂੰ ਛੱਤਾਂ ’ਤੇ ਚੜ੍ਹਨਾ ਪਿਆ। ਰੈੱਡਕਰਾਸ ਨੂੰ ਬਚਾਅ ਲਈ ਕਈ ਬੇਨਤੀਆਂ ਮਿਲੀਆਂ ਪਰ ਐਮਰਜੈਂਸੀ ਕਰਮਚਾਰੀਆਂ ਦੇ ਜੋਖ਼ਮ ਨੂੰ ਘੱਟ ਕਰਨ ਲਈ ਪਾਣੀ ਦਾ ਪੱਧਰ ਘੱਟਣ ਤੱਕ ਇੰਤਜ਼ਾਰ ਕਰਨਾ ਪਿਆ। ਸੀਬੂ ਵਿੱਚ ਘੱਟੋ-ਘੱਟ 49 ਲੋਕ ਮਾਰੇ ਗਏ ਹਨ ਅਤੇ 13 ਲਾਪਤਾ ਹਨ। ਇਸ ਦੇ ਨਾਲ ਲੱਗਦੇ ਸੂਬਿਆਂ ਨੇਗ੍ਰੋਸ ਆਕਸੀਡੈਂਟਲ ਅਤੇ ਨੇਗ੍ਰੋਸ ਓਰੀਐਂਟਲ ਵਿੱਚ 62 ਲੋਕ ਲਾਪਤਾ ਹਨ। ਗਵਰਨਰ ਪਾਮੇਲਾ ਬਾਰਿਕੁਆਟਰੋ ਨੇ ਦੱਸਿਆ ਕਿ ਲੋਕਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ, ਪਰ ਇਸ ਦੌਰਾਨ ਅਚਾਨਕ ਹੜ੍ਹ ਆ ਗਿਆ।
