ਯੂਕੇ ਵਿੱਚ ਅਪਰਾਧੀਆਂ ਦੇ ਸੰਗੀਤ ਸਮਾਗਮਾਂ ਤੇ ਪੱਬਾਂ ਵਿੱਚ ਜਾਣ ’ਤੇ ਲੱਗੇਗੀ ਪਾਬੰਦੀ
ਬਰਤਾਨੀਆ ਵਿੱਚ ਅਪਰਾਧੀ ਹੁਣ ਸੰਗੀਤਕ ਸਮਾਗਮਾਂ, ਪੱਬਾਂ ਤੇ ਦੇਸ਼ ਵਿਚਲੀਆਂ ਅਹਿਮ ਥਾਵਾਂ ’ਤੇ ਨਹੀਂ ਜਾ ਸਕਣਗੇ। ਇਸ ਦਾ ਖੁਲਾਸਾ ਯੂਕੇ ਸਰਕਾਰ ਵੱਲੋਂ ਅੱਜ ਕੀਤਾ ਗਿਆ। ਇਸ ਤਹਿਤ ਅਪਰਾਧੀਆਂ ਦੀਆਂ ਸਜ਼ਾਵਾਂ ਦਾ ਦਾਇਰਾ ਵਧਾ ਦਿੱਤਾ ਗਿਆ ਹੈ। ਇਸ ਤਹਿਤ ਜੱਜਾਂ ਨੂੰ ਨਵੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ ਜਿਸ ਤਹਿਤ ਉਹ ਅਪਰਾਧੀਆਂ ਨੂੰ ਪੱਬਾਂ, ਸੰਗੀਤ ਸਮਾਰੋਹਾਂ ਅਤੇ ਖੇਡ ਵਾਲੇ ਮੈਚਾਂ ਤੋਂ ਪਾਸੇ ਰੱਖ ਸਕਣਗੇ। ਨਵੇਂ ਨਿਯਮਾਂ ਤਹਿਤ ਅਪਰਾਧੀਆਂ ਦੀਆਂ ਦੇਸ਼ ਵਿਚ ਗਤੀਵਿਧੀਆਂ ਸੀਮਤ ਕੀਤੀਆਂ ਜਾਣਗੀਆਂ। ਇਨ੍ਹਾਂ ਨਿਯਮਾਂ ਤਹਿਤ ਦੇਸ਼ ਦੇ ਜੱਜ ਅਪਰਾਧੀਆਂ ਦੇ ਗੱਡੀ ਚਲਾਉਣ ਤੇ ਉਨ੍ਹਾਂ ਦੀ ਯਾਤਰਾ ’ਤੇ ਰੋਕ ਲਾ ਸਕਣਗੇ। ਨਿਆਂ ਮੰਤਰਾਲੇ ਨੇ ਕਿਹਾ ਕਿ ਇਹ ਬਦਲਾਅ ਤਾਂ ਕੀਤੇ ਗਏ ਹਨ ਤਾਂ ਕਿ ਅਪਰਾਧੀ ਮੁੜ ਕੁਰਾਹੇ ਨਾ ਪੈ ਜਾਣ।
ਯੂਕੇ ਦੀ ਨਿਆਂ ਸਕੱਤਰ ਸ਼ਬਾਨਾ ਮਹਿਮੂਦ ਨੇ ਕਿਹਾ, ‘ਸੜਕਾਂ ’ਤੇ ਅਪਰਾਧਾਂ ਨੂੰ ਘਟਾਉਣ ਤੇ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਜੱਜਾਂ ਨੂੰ ਕਈ ਸ਼ਕਤੀਆਂ ਦਿੱਤੀਆਂ ਗਈਆਂ ਹਨ ਤੇ ਇਹ ਸਾਡੀ ਤਬਦੀਲੀ ਯੋਜਨਾ ਦਾ ਹਿੱਸਾ ਹੈ। ਜਦੋਂ ਅਪਰਾਧੀ ਸਮਾਜ ਦੇ ਨਿਯਮਾਂ ਨੂੰ ਤੋੜਦੇ ਹਨ ਤਾਂ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਬਰਤਾਨੀਆ ਦੇ ਲੋਕ ਚਾਹੁੰਦੇ ਹਨ ਕਿ ਸਰਕਾਰ ਬਰਤਾਨੀਆ ਨੂੰ ਸੁਰੱਖਿਅਤ ਰੱਖਣ ਲਈ ਯਤਨ ਕਰੇ, ਇਸ ਕਰ ਕੇ ਉਹ ਇਸ ਦਿਸ਼ਾ ਵਿਚ ਕੰਮ ਕਰ ਰਹੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਬਰਤਾਨੀਆ ਵਿਚ ਮੌਜੂਦ ਸਮੇਂ ਜੱਜਾਂ ਕੋਲ ਸੀਮਤ ਸ਼ਕਤੀਆਂ ਹਨ ਜਿਸ ਕਾਰਨ ਉਹ ਅਪਰਾਧੀਆਂ ਨੂੰ ਰੋਕਣ ਲਈ ਸਖਤ ਸਜ਼ਾਵਾਂ ਨਹੀਂ ਦੇ ਸਕਦੇ। ਪੀਟੀਆਈ