ਬੈਨਿਨ ’ਚ ਰਾਜਪਲਟੇ ਦੀ ਕੋਸ਼ਿਸ਼
ਬੈਨਿਨ ਵਿੱਚ ਐਤਵਾਰ ਨੂੰ ਐਲਾਨਿਆ ਗਿਆ ਤਖ਼ਤਾ ਪਲਟ ‘ਨਾਕਾਮ’ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰੀ ਅਲਾਸਾਨੇ ਸੇਇਦੋਉ ਨੇ ਕਿਹਾ ਕਿ ਅੱਜ ਸਵੇਰੇ ਫੌਜ ਦੇ ਛੋਟੇ ਸਮੂਹ ਨੇ ਦੇਸ਼ ਅਤੇ ਇਸ ਦੀਆਂ ਸੰਸਥਾਵਾਂ ਨੂੰ ਅਸਥਿਰ ਕਰਨ ਦੇ ਉਦੇਸ਼ ਨਾਲ ਬਗਾਵਤ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ, ‘‘ਇਸ ਸਥਿਤੀ ਦਾ ਸਾਹਮਣਾ ਕਰਦਿਆਂ, ਬੈਨਿਨ ਦੀਆਂ ਹਥਿਆਰਬੰਦ ਫੌਜਾਂ ਤੇ ਉਨ੍ਹਾਂ ਦੇ ਆਗੂਆਂ ਨੇ ਇਸ ਨੂੰ ਨਾਕਾਮ ਕਰ ਦਿੱਤਾ ਅਤੇ ਉਹ ਗਣਰਾਜ ਪ੍ਰਤੀ ਵਚਨਬੱਧ ਰਹੇ।’’ ਇਸ ਤੋਂ ਪਹਿਲਾਂ, ਬੈਨਿਨ ਵਿੱਚ ਫੌਜ ਦੇ ਇੱਸ ਸਮੂਹ ਨੇ ਸਰਕਾਰੀ ਟੀ ਵੀ ’ਤੇ ਸਰਕਾਰ ਦੇ ਤਖ਼ਤਾ ਪਲਟਣ ਦਾ ਐਲਾਨ ਕੀਤਾ ਸੀ। ਆਪਣੇ ਆਪ ਨੂੰ ‘ਮਿਲਟਰੀ ਕਮੇਟੀ ਫਾਰ ਰੀਫਾਊਂਡੇਸ਼ਨ’ ਕਹਿਣ ਵਾਲੇ ਇਸ ਸਮੂਹ ਨੇ ਰਾਸ਼ਟਰਪਤੀ ਅਤੇ ਸਾਰੀਆਂ ਸਰਕਾਰੀ ਸੰਸਥਾਵਾਂ ਨੂੰ ਹਟਾਉਣ ਦਾ ਐਲਾਨ ਕੀਤਾ। ਸਮੂਹ ਨੇ ਕਿਹਾ ਕਿ ਲੈਫਟੀਨੈਂਟ ਕਰਨਲ ਪਾਸਕਲ ਤਿਗਰੀ ਨੂੰ ਮਿਲਟਰੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। 1960 ਵਿੱਚ ਫਰਾਂਸ ਤੋਂ ਆਜ਼ਾਦੀ ਮਿਲਣ ਬਾਅਦ, ਇਸ ਪੱਛਮੀ ਅਫਰੀਕੀ ਮੁਲਕ ਨੇ ਤਖ਼ਤਾ ਪਲਟ ਦੀਆਂ ਕਈ ਘਟਨਾਵਾਂ ਦੇਖੀਆਂ ਹਨ। ਰਾਸ਼ਟਰਪਤੀ ਪੈਟ੍ਰਿਸ ਟੈਲੋਨ 2016 ਤੋਂ ਸੱਤਾ ਵਿੱਚ ਹਨ ਅਤੇ ਅਗਲੇ ਸਾਲ ਅਪਰੈਲ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਅਹੁਦਾ ਛੱਡਣਾ ਸੀ। ਟੈਲੋਨ ਦੀ ਪਾਰਟੀ ਦੇ ਉਮੀਦਵਾਰ, ਸਾਬਕਾ ਵਿੱਤ ਮੰਤਰੀ ਰੋਮੂਆਲਡ ਵਡਾਗਨੀ ਨੂੰ ਚੋਣ ਜਿੱਤਣ ਦੀ ਦੌੜ ਵਿੱਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ। ਵਿਰੋਧੀ ਉਮੀਦਵਾਰ ਰੇਨੌਡ ਅਗਬੋਡਜੋ ਦੀ ਉਮੀਦਵਾਰੀ ਨੂੰ ਚੋਣ ਕਮਿਸ਼ਨ ਨੇ ਇਸ ਆਧਾਰ ’ਤੇ ਖਾਰਜ ਕਰ ਦਿੱਤਾ ਕਿ ਉਨ੍ਹਾਂ ਕੋਲ ਲੋੜੀਂਦੇ ਸਪਾਂਸਰ ਨਹੀਂ ਸਨ।
