ਸਰਕਾਰ ਬਣਨ ’ਤੇ ਪਰਵਾਸੀਆਂ ਦੀਆਂ ਜਾਇਦਾਦਾਂ ਤੋਂ ਕਬਜ਼ੇ ਛੁਡਵਾਏਗੀ ਕਾਂਗਰਸ: ਬਾਜਵਾ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਥੇ ਕਿਹਾ ਕਿ ਐੱਨਆਰਆਈਜ਼ ਨੂੰ ਦੋ ਮੁੱਖ ਚਿੰਤਾਵਾਂ ਸਤਾਉਂਦੀਆਂ ਹਨ। ਪਹਿਲੀ ਜਾਇਦਾਦ ਉੱਤੇ ਕਬਜ਼ਾ ਤੇ ਦੂਜੀ ਗੈਂਗਵਾਦ। ਅੱਜ ਦੇ ਸਮੇਂ ਇਹ ਪੰਜਾਬ ਦੇ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਦੀ ਨਾਕਾਮੀ ਹੈ ਕਿ ਗੈਂਗਸਟਰ ਜੇਲ੍ਹਾਂ ’ਚ ਬੈਠੇ ਵੀ ਟੈਲੀਫ਼ੋਨ ਰਾਹੀਂ ਧਮਕੀਆਂ ਤੇ ਫ਼ਿਰੌਤੀਆਂ ਮੰਗ ਰਹੇ ਹਨ। ਸਰਕਾਰ ਹੱਥ ’ਤੇ ਹੱਥ ਧਰ ਕੇ ਬੈਠੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਵਾਦ ਦਾ ਮੁਕੰਮਲ ਖ਼ਾਤਮਾ ਕਰਨਾ ਕਾਂਗਰਸ ਸਰਕਾਰ ਦਾ ਪ੍ਰਮੁੱਖ ਕੰਮ ਹੋਵੇਗਾ। ਪਰਵਾਸੀ ਜਿਵੇਂ ਵਿਦੇਸ਼ਾਂ ’ਚ ਆਪਣੇ ਆਪ ਨੂੰ ਸੁਰੱਖਿਅਤ ਮੰਨਦੇ ਉਸੇ ਤਰ੍ਹਾਂ ਆਪਣੇ ਪਿਛੋਕੜ ਵਾਲੇ ਘਰ ’ਚ ਰਹਿਣ ’ਤੇ ਮਾਣ ਮਹਿਸੂਸ ਕਰਨਗੇ। ਸ੍ਰੀ ਬਾਜਵਾ ਨੇ ਇੱਥੇ ਪਰਵਾਸੀ ਭਾਰਤੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਦਾ ਬਦਲ ਕਾਂਗਰਸ ਨੂੰ ਵੇਖ ਰਹੇ ਹਨ। ਉਨ੍ਹਾਂ ਦਾ ਨਿੱਜੀ ਵਿਚਾਰ ਹੈ ਕਿ ਜ਼ਮੀਨਾਂ-ਜਾਇਦਾਦਾਂ ਵੇਚਣ ਦੇ ਚਾਹਵਾਨ ਪਰਵਾਸੀਆਂ ਦੀਆਂ ਜਾਇਦਾਦਾਂ ਖਰੀਦਣ ਬਾਰੇ ਬਕਾਇਦਾ ਸਰਕਾਰੀ ਨੀਤੀ ਕਾਂਗਰਸ ਸਰਕਾਰ ਵੱਲੋਂ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੱਤਾ ’ਚ ਆਉਣ ਮਗਰੋਂ ਪਰਵਾਸੀਆਂ ਦੀ ਹਜ਼ਾਰਾਂ ਕਰੋੜਾਂ ਦੀ ਜ਼ਮੀਨ ਜਾਇਦਾਦ, ਜਿਸ ਉੱਪਰ ਨਾਜਾਇਜ਼ ਕਬਜ਼ੇ ਹਨ, ਨੂੰ ਛੁਡਵਾਏਗੀ ਅਤੇ ਜਿਹੜੇ ਪਰਵਾਸੀ ਕਿਸੇ ਕਾਰਨ ਆਪਣੇ ਮੁਲਕ ਨਹੀਂ ਜਾਣਾ ਚਾਹੁੰਦੇ ਉਹ ਆਨਲਾਈਨ ਜਾਇਦਾਦ ਸਰਕਾਰ ਨੂੰ ਵੇਚ ਸਕਣਗੇ। ਇਸ ਨਵੇਂ ਕਾਨੂੰਨ ਨੂੰ ਬਕਾਇਦਾ ਸੁਝਾਅ, ਇਤਰਾਜ਼ ਤੇ ਸਮੀਖਿਆ ਕਰਕੇ ਹੋਂਦ ’ਚ ਲਿਆਂਦਾ ਜਾਵੇਗਾ।