ਸਮਕਾਲੀ ਅਮਰੀਕੀ ਪੰਜਾਬੀ ਸਾਹਿਤ ਬਾਰੇ ਕਾਨਫਰੰਸ
ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ (ਕੈਲੀਫੋਰਨੀਆ) ਵੱਲੋਂ ਸਮਕਾਲੀ ਅਮਰੀਕੀ ਪੰਜਾਬੀ ਸਾਹਿਤ ਬਾਰੇ ਸਟਾਕਟਨ (ਕੈਲੀਫੋਰਨੀਆ) ਵਿੱਚ ਕਾਨਫ਼ਰੰਸ ਕਰਵਾਈ ਗਈ। ਇਹ ਕਾਨਫ਼ਰੰਸ ਜੁਝਾਰਵਾਦੀ ਪੰਜਾਬੀ ਕਵਿਤਾ ਨੂੰ ਸਮਰਪਿਤ ਕੀਤੀ ਗਈ। ਕਾਨਫਰੰਸ ਦਾ ਆਗਾਜ਼ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਸੇਖੋੋਂ ਨੇ ਕੀਤਾ। ਪ੍ਰੋ. ਹਰਭਜਨ ਸਿੰਘ ਨੇ ਪਾਸ਼, ਸੰਤ ਰਾਮ ਉਦਾਸੀ, ਜੈਮਲ ਸਿੰਘ ਪੱਡਾ, ਲਾਲ ਸਿੰਘ ਦਿਲ, ਹਰਭਜਨ ਹਲਵਾਰਵੀ ਅਤੇ ਦਰਸ਼ਨ ਖਟਕੜ ਦੀ ਸ਼ਾਇਰੀ ਦੇ ਹਵਾਲੇ ਨਾਲ ਜੁਝਾਰਵਾਦੀ ਪੰਜਾਬੀ ਕਵਿਤਾ ਦੇ ਯੋਗਦਾਨ ਤੇ ਸਾਰਥਕਤਾ ਬਾਰੇ ਚਾਨਣਾ ਪਾਇਆ। ਸੰਤ ਰਾਮ ਉਦਾਸੀ ਦੀ ਬੇਟੀ ਪ੍ਰਿਤਪਾਲ ਕੌਰ ਨੇ ਮਨਟੁੰਬਵੀਂ ਆਵਾਜ਼ ਵਿਚ ਉਦਾਸੀ ਦੇ ਗੀਤ ਪੇਸ਼ ਕੀਤੇ। ਇਸ ਮੌਕੇ ਪ੍ਰੋ. ਹਰਭਜਨ ਸਿੰਘ ਰਚਿਤ ‘ਸ਼ੁਰਖ਼ ਰਾਹਾਂ ਦੀਆਂ ਸਿਮਰਤੀਆਂ’ ਅਤੇ ਤਾਰਾ ਸਿੰਘ ਸਾਗਰ ਦੀ ‘ਸਾਗਰ ਲਹਿਰਾਂ’ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ। ਪਹਿਲੇ ਸੈਸ਼ਨ ਵਿਚ ਚਾਰ ਖੋਜ-ਪੱਤਰ ਪੇਸ਼ ਕੀਤੇ ਗਏ। ਡਾ. ਧਨਵੰਤ ਕੌਰ ਨੇ ਆਪਣੇ ਪੇਪਰ ‘ਸੁਰਖ਼ ਰਾਹਾਂ ਦੀਆਂ ਸਿਮਰਤੀਆਂ’ ਵਿਚ ਲੇਖਕ ਵਲੋਂ ਦਰਜ ਨਿੱਗਰ ਅਨੁਭਵਾਂ ਤੇ ਯਾਦਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਲੇਖਕ ਨੇ ਆਪਣੇ ਪਰਵਾਸੀ ਅਨੁਭਵਾਂ ਦੀ ਪੜਚੋਲਵੀਂ ਪੇਸ਼ਕਾਰੀ ਦੇ ਨਾਲ ਨਾਲ ਅਮਰੀਕੀ ਸਾਮਰਾਜੀ ਤੰਤਰ ਦੇ ਹੀਜ-ਪਿਆਜ਼ ਨੂੰ ਬਾਖੂਬੀ ਨਸ਼ਰ ਕੀਤਾ ਹੈ। ਡਾ. ਮਨਜਿੰਦਰ ਸਿੰਘ ਨੇ ਆਪਣੇ ਖੋਜ-ਪੱਤਰ ‘ਅਮਰੀਕੀ ਪੰਜਾਬੀ ਗਲਪ ਦੇ ਨਵੀਨ ਪੈਟਰਨ’ ਵਿਚ ਚਰਚਿਤ ਅਮਰੀਕੀ ਨਾਵਲਾਂ ਤੇ ਕਹਾਣੀਆਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੱਸਿਆ ਕਿ ਇਸ ਗਲਪ ਦਾ ਅਸਲ ਹਾਸਲ ਇਸਦੀ ਪ੍ਰਵਚਨਕਾਰੀ ਅੰਦਰ ਪ੍ਰਵਾਹਿਤ ਵਿਸ਼ਵ ਚੇਤਨਾ ਹੈ। ਇਹ ਰਚਨਾਵਾਂ ਪਰੰਪਰਿਕ ਭੂਗੋਲਿਕ ਤੇ ਸਭਿਆਚਾਰਕ ਵਲਗਣਾਂ ਤੋਂ ਪਾਰਗਾਮੀ ਸੂਖ਼ਮ ਸਰੋਕਾਰਾਂ ਨੂੰ ਉਭਾਰਦੀਆਂ ਹਨ। ਡਾ. ਗੁਰਪਾਲ ਸਿੰਘ ਸੰਧੂ ਨੇ ਆਪਣੇ ਖੋਜ ਪੱਤਰ ‘ਅਮਰੀਕੀ ਪੰਜਾਬੀ ਸਾਹਿਤ ਸਿਰਜਣਾ ਦੀ ਬਹੁ-ਵਿਧਾਵੀ ਰਚਨਾ ਵਿਉਂਤ’ ਰਾਹੀਂ ਚਾਰ ਪ੍ਰਮੁੱਖ ਲੇਖਕਾਂ ਪ੍ਰੋ. ਹਰਭਜਨ ਸਿੰਘ, ਸੁਰਿੰਦਰ ਸੋਹਲ, ਸੁਰਿੰਦਰ ਸੀਰਤ ਅਤੇ ਲਾਜ ਨੀਲਮ ਸੈਣੀ ਦੀਆਂ ਰਚਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਹ ਬਹੁ-ਵਿਧਾਵੀ ਰਚਨਾਵਾਂ ਸਿਰਫ਼ ਰੂਪਾਕਾਰਕ ਸ਼ੈਲੀਆਂ ਕਾਰਨ ਬਹੁ-ਵਿਧਾਵੀ ਨਹੀਂ, ਸਗੋਂ ਰੂਪਾਕਾਰਕ ਭਿੰਨਤਾਵਾਂ ਕਰਕੇ ਬਹੁ-ਵਿਧਾਵੀ ਹਨ। ਡਾ. ਜਸਵਿੰਦਰ ਸਿੰਘ ਨੇ ਆਪਣੇ ਪੇਪਰ ‘ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਦੇ ਉਭਰਦੇ ਰੁਝਾਨ’ ਵਿਚ ਦੱਸਿਆ ਕਿ ਇਹ ਕਵੀ ਉਦਰੇਵਿਆਂ ਅਤੇ ਪੀੜ੍ਹੀ ਪਾੜਿਆਂ ਦੇ ਮੁਖ ਸਰੋਕਾਰਾਂ ਦੀ ਥਾਂ ਪਰਵਾਸੀ ਪ੍ਰਸੰਗ ਨੂੰ ਆਪਣੀ ਪ੍ਰਮਾਣਿਕ ਹੋਂਦ ਹਸਤੀ ਤੇ ਇਸ ਸਮਾਜ/ਮੁਲਕ ਦੇ ਹਿੱਸੇਦਾਰ ਹੋਣ ਦੇ ਤਰਕ ਨੂੰ ਉਭਾਰ ਰਹੇ ਹਨ। ਚਾਰੇ ਖੋਜ-ਪੱਤਰ ਸਮਕਾਲੀ ਅਮਰੀਕੀ ਪੰਜਾਬੀ ਸਾਹਿਤ, ਖ਼ਾਸ ਕਰਕੇ ਕਵਿਤਾ, ਗਲਪ ਅਤੇ ਵਾਰਤਕ ਰਾਹੀਂ ਪੇਸ਼ ਹੋ ਰਹੀ ਅਮਰੀਕੀ ਪੰਜਾਬੀ ਬੰਦੇ ਦੀ ਸਭਿਆਚਾਰਕ ਸ਼ਨਾਖ਼ਤ ਦੇ ਨਾਲ ਨਾਲ ਉਸਦੀ ਹੋਂਦ, ਹੋਣੀ ਤੇ ਹਸਤੀ ਦੀ ਨਿਸ਼ਾਨਦੇਹੀ ਤੇ ਨਿਰਮਾਣਕਾਰੀ ਕਰਨ ਵਿਚ ਸਫ਼ਲ ਰਹੇ। ਕੈਨੇਡਾ ਤੋਂ ਆਏ ਗਲਪਕਾਰ ਅਮਰਜੀਤ ਸਿੰਘ ਚਾਹਲ ਨੇ ਖੋਜ-ਪੱਤਰਾਂ ਬਾਰੇ ਮੁੱਲਵਾਨ ਟਿੱਪਣੀਆਂ ਕੀਤੀਆਂ। ਇਸ ਦੌਰਾਨ ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ (ਕੈਲੀਫੋਰਨੀਆ) ਵੱਲੋਂ ਡਾ. ਜਸਵਿੰਦਰ ਸਿੰਘ, ਡਾ. ਧਨਵੰਤ ਕੌਰ, ਡਾ. ਗੁਰਪਾਲ ਸਿੰਘ ਸੰਧੂ, ਡਾ. ਮਨਜੀਤ ਕੌਰ ਸੰਧੂ, ਡਾ. ਮਨਜਿੰਦਰ ਸਿੰਘ, ਅਮਰਜੀਤ ਚਾਹਲ, ਪ੍ਰਿਤਪਾਲ ਕੌਰ ਉਦਾਸੀ ਅਤੇ ਤਾਰਾ ਸਿੰਘ ਸਾਗਰ ਦਾ ਸਨਮਾਨ ਕੀਤਾ ਗਿਆ। ਦੂਜੇ ਸੈਸ਼ਨ ਦਾ ਆਗਾਜ਼ ਪ੍ਰਿਤਪਾਲ ਕੌਰ ਨੇ ਸੰਤ ਰਾਮ ਉਦਾਸੀ ਦੇ ਸ਼ਾਹਕਾਰ ਗੀਤ ‘ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਦੇ ਗਾਇਣ ਨਾਲ ਕੀਤਾ। ਡਾ. ਮਨਜੀਤ ਕੌਰ ਸੰਧੂ ਨੇ ਸਰੋਦੀ ਆਵਾਜ਼ ਵਿਚ ‘ਤੇਰੀਆਂ ਰਮਜ਼ਾਂ ਨੂੰ ਨਹੀਉਂ ਸਮਝ ਸਕਣਾ ਭਲਕ ਵੀ’ ਗੀਤ ਪੇਸ਼ ਕੀਤਾ। ਕੁਲਵੰਤ ਸਿੰਘ ਸੇਖੋਂ, ਮਨਦੀਪ ਗੋਰਾ, ਹਰਜੀਤ ਸਿੰਘ ਹਠੂਰ, ਹਰਪ੍ਰੀਤ ਕੌਰ ਧੂਤ, ਤਾਰਾ ਸਾਗਰ, ਦਿਲ ਨਿੱਜਰ, ਅਸ਼ੋਕ ਭੌਰਾ, ਭੁਪਿੰਦਰ ਦਲੇਰ, ਜਸ ਫ਼ਿਜ਼ਾ, ਗਗਨ ਮਾਹਲ, ਸੁੱਖੀ ਧਾਲੀਵਾਲ, ਰਾਠੇਸ਼ਵਰ ਸਿੰਘ ਸੂਰਾਪੁਰੀ, ਗੁਰਿੰਦਰ ਸੂਰਾਪੁਰੀ, ਪ੍ਰਭਸ਼ਰਨਦੀਪ ਸਿੰਘ, ਜਸਵੰਤ ਸ਼ਾਦ, ਇਮਤਿਆਜ਼ ਅਲੀ ਸਮੇਤ ਦੋ ਦਰਜਨ ਕਵੀਆਂ ਨੇ ਆਪਣੀਆਂ ਤਾਜ਼ਾ ਰਚਨਾਵਾਂ ਪੇਸ਼ ਕੀਤੀਆਂ। ਅਖੀਰ ਵਿਚ ਡਾ. ਜਸਵਿੰਦਰ ਸਿੰਘ ਨੇ ਕਾਨਫ਼ਰੰਸ ਵਿਚ ਹੋਏ ਸਾਰਥਕ ਸੰਵਾਦ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹਾ ਸਾਹਿਤ ਭਾਰਤੀ ਪੰਜਾਬ ਅਤੇ ਅਮਰੀਕਾ ਸਮੇਤ ਸਮੁੱਚੇ ਪੰਜਾਬੀ ਭਾਈਚਾਰੇ ਦਰਮਿਆਨ ਇਕ ਅਹਿਮ ਪੁਲ ਹੈ, ਜਿਸਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਆਵਾਮ ਨੂੰ ਫੁੱਟਪਾਊ ਅਤੇ ਲੁਭਾਊ ਨਾਅਰਿਆਂ ਰਾਹੀਂ ਵੰਡੀਆਂ ਪਾਉਣ ਵਾਲਿਆਂ ਪ੍ਰਤੀ ਸੁਚੇਤ ਤੇ ਸਰਗਰਮ ਹੋਣ ਦੀ ਅਪੀਲ ਕੀਤੀ।
ਕਾਨਫ਼ਰੰਸ ਵਿਚ ਅਹਿਮ ਸ਼ਖਸੀਅਤਾਂ ਡਾ. ਗੁਰਪ੍ਰੀਤ ਸਿੰਘ ਧੁੱਗਾ, ਡਾ. ਰਵੀ ਸ਼ੇਰਗਿੱਲ, ਮਹਿੰਗਾ ਸਿੰਘ, ਅਵਤਾਰ ਸਿੰਘ, ਰਾਮ ਲੁਭਾਇਆ ਭਨੋਟ, ਡਾ. ਗੁਰਨਾਮ ਸਿੰਘ, ਡਾ. ਅੰਮ੍ਰਿਤਪਾਲ ਕੌਰ, ਪ੍ਰੋ. ਬਲਜਿੰਦਰ ਸਿੰਘ, ਪੀ ਭਾਨੂੰ, ਮਿਸਿਜ਼ ਰਮੇਸ਼ ਸਾਗਰ, ਜਿਓਤੀ ਸਿੰਘ, ਗੁੱਲ ਬਰਾੜ, ਬੀਨਾ ਸਾਗਰ ਆਦਿ ਨੇ ਹਿੱਸਾ ਲਿਆ। ਮੰਚ ਸੰਚਾਲਨ ਦੀ ਸਮੁੱਚੀ ਜਿੰਮੇਵਾਰੀ ਮਨਦੀਪ ਗੋਰਾ ਤੇ ਹਰਪ੍ਰੀਤ ਕੌਰ ਧੂਤ ਨੇ ਬਾਖ਼ੂਬੀ ਨਿਭਾਈ।