ਬ੍ਰਾਜ਼ੀਲ ’ਚ ਯੂ ਐੱਨ ਜਲਵਾਯੂ ਕਾਨਫਰੰਸ ਨੇੜੇ ਝੜਪ
ਬ੍ਰਾਜ਼ੀਲ ਦੇ ਬੇੱਲੇਮ ਸ਼ਹਿਰ ਵਿੱਚ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਜਲਵਾਯੂ ਸੰਵਾਦ ਦੌਰਾਨ ਕਾਰਕੁਨਾਂ ਦੇ ਇੱਕ ਸਮੂਹ ਦੀ ਸੁਰੱਖਿਆ ਮੁਲਾਜ਼ਮਾਂ ਨਾਲ ਝੜਪ ਹੋ ਗਈ। ਕਾਰਕੁਨਾਂ ਨੇ ਮੁੱਖ ਸਮਾਗਮ ਵਾਲੇ ਸਥਾਨ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਮੁਲਾਜ਼ਮਾਂ ਨੇ ਅਜਿਹਾ ਨਹੀਂ ਹੋਣ ਦਿੱਤਾ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇਸ ਦੌਰਾਨ ਦੋ ਸੁਰੱਖਿਆ ਕਰਮੀ ਜ਼ਖਮੀ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਹ ਝੜਪ ਦੇਰ ਸ਼ਾਮ ਉਸ ਵੇਲੇ ਵਾਪਰੀ ਜਦੋਂ ਲੋਕ ਸੀ ਓ ਪੀ-30 ਲਈ ਪ੍ਰੋਗਰਾਮ ਵਾਲੇ ਜਗ੍ਹਾ ਤੋਂ ਬਾਹਰ ਨਿਕਲ ਰਹੇ ਸਨ। ਯੂ ਐੱਨ ਕਲਾਈਮੇਟ ਚੇਂਜ ਨੇ ਬਿਆਨ ’ਚ ਕਿਹਾ, ‘‘ਅੱਜ ਦੇਰ ਸ਼ਾਮ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਕਾਨਫਰੰਸ (ਸੀ ਓ ਪੀ) ਦੇ ਮੁੱਖ ਗੇਟ ਨੇੜੇ ਸੁਰੱਖਿਆ ਬੈਰੀਕੇਡ ਤੋੜ ਕੇ ਪ੍ਰੋਗਰਾਮ ਵਾਲੇ ਜਗ੍ਹਾ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਦੋ ਸੁਰੱਖਿਆ ਕਰਮੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਪ੍ਰੋਗਰਾਮ ਵਾਲੀ ਜਗ੍ਹਾ ’ਤੇ ਵੀ ਨੁਕਸਾਨ ਹੋਇਆ।’’
ਗਲੋਬਲ ਯੂਥ ਗੱਠਜੋੜ ਵਾਸਤੇ ਨੌਜਵਾਨਾਂ ਦੀ ਲਾਮਬੰਦੀ ਲਈ ਕੋਆਰਡੀਨੇਟਰ ਅਗਸਟਿਨ ਓਕਾਨਾ ਨੇ ਦੱਸਿਆ ਕਿ ਉਹ ਬਾਹਰ ਖੜ੍ਹੇ ਸਨ ਜਦੋਂ ਉਨ੍ਹਾਂ ਨੇ ਲੋਕਾਂ ਦੇ ਦੋ ਗੁੱਟਾਂ ਨੂੰ ਸਮਾਗਮ ਵਾਲੀ ਜਗ੍ਹਾ ਵੱਲ ਆਉਂਦੇ ਦੇਖਿਆ। ਉਨ੍ਹਾਂ ਵਿੱਚੋਂ ਕੁਝ ਨੇ ਪੀਲੀਆਂ ਸ਼ਰਟਾਂ ਤੇ ਪਹਿਨੀਆਂ ਸਨ ਤੇ ਕੁਝ ਸਵਦੇਸ਼ੀ ਭਾਈਚਾਰਿਆਂ ਦੇ ਪਹਿਰਾਵੇ ਵਿੱਚ ਸਨ। ਓਕਾਨਾ ਮੁਤਾਬਕ ਉਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਕਿਹੜੇ ਗੁੱਟ ਨੇ ਪਹਿਲਾਂ ਸੁਰੱਖਿਆ ਘੇਰਾ ਤੋੜਿਆ ਪਰ ਸੁਰੱਖਿਆ ਗਾਰਡਾਂ ਵੱਲੋਂ ਰੋਕਣ, ਜਬਰੀ ਦਰਵਾਜ਼ੇ ਬੰਦ ਕਰਨ ਤੇ ਹੋਰ ਸੁਰੱਖਿਆ ਮੰਗਵਾਉਣ ਮਗਰੋਂ ਸਥਿਤੀ ਵਿਗੜ ਗਈ।
