church of England: ਚਰਚ ਆਫ਼ ਇੰਗਲੈਂਡ ਨੂੰ ਮਿਲੀ ਪਹਿਲੀ ਮਹਿਲਾ ਆਰਚਬਿਸ਼ਪ ਆਫ਼ ਕੈਂਟਰਬਰੀ
10 ਡਾਊਨਿੰਗ ਸਟ੍ਰੀਟ ਨੇ ਸ਼ੁੱਕਰਵਾਰ ਨੂੰ ਲੰਡਨ ਵਿੱਚ ਐਲਾਨ ਕੀਤਾ ਕਿ ਚਰਚ ਆਫ਼ ਇੰਗਲੈਂਡ ਨੇ ਬਿਸ਼ਪ ਆਫ਼ ਲੰਡਨ ਸਾਰਾਹ ਮੁਲਾਲੀ ਨੂੰ ਆਪਣੀ ਪਹਿਲੀ ਮਹਿਲਾ ਆਰਚਬਿਸ਼ਪ ਆਫ਼ ਕੈਂਟਰਬਰੀ ਨਿਯੁਕਤ ਕਰਕੇ ਇਤਿਹਾਸ ਰਚ ਦਿੱਤਾ ਹੈ। ਚਰਚ ਆਫ਼ ਇੰਗਲੈਂਡ ਦੀ ਮੁੱਖ ਆਗੂ ਵਜੋਂ ਰਾਈਟ ਰੈਵਰੈਂਡ ਅਤੇ ਰਾਈਟ ਆਨਰੇਬਲ ਡੇਮ ਸਾਰਾਹ ਮੁਲਾਲੀ ਹੁਣ ਦੁਨੀਆ ਭਰ ਦੇ 165 ਦੇਸ਼ਾਂ ਵਿੱਚ 8.5 ਕਰੋੜ ਐਂਗਲੀਕਨ ਲੋਕਾਂ ਦੀ ਅਗਵਾਈ ਕਰੇਗੀ। ਉਨ੍ਹਾਂ ਦੀ ਨਿਯੁਕਤੀ ਪਿਛਲੇ ਸਾਲ ਰੈਵਰੈਂਡ ਜਸਟਿਨ ਵੈਲਬੀ ਦੇ ਅਸਤੀਫ਼ੇ ਤੋਂ ਬਾਅਦ ਇੱਕ ਬਾਲ ਦੁਰਵਿਹਾਰ ਘੁਟਾਲੇ ਅਤੇ ਕਵਰ-ਅੱਪ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਬਰਤਾਨੀਆ ਪੱਧਰ ’ਤੇ ਸਲਾਹ-ਮਸ਼ਵਰੇ ਤੋਂ ਬਾਅਦ ਹੋਈ ਹੈ। ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਾਬਕਾ ਨੈਸ਼ਨਲ ਹੈਲਥ ਸਰਵਿਸ (NHS) ਨਰਸ ਦਾ 106ਵੇਂ ਆਰਚਬਿਸ਼ਪ ਆਫ਼ ਕੈਂਟਰਬਰੀ ਦੇ ਅਹੁਦੇ ’ਤੇ ਰਹਿਣ ਵਾਲੀ ਪਹਿਲੀ ਮਹਿਲਾ ਵਜੋਂ ਸਵਾਗਤ ਕੀਤਾ। ਇਸ ਨਿਯੁਕਤੀ ਨੂੰ ਰਸਮੀ ਤੌਰ 'ਤੇ ਕਿੰਗ ਚਾਰਲਸ-3 ਵੱਲੋਂ ਮਨਜ਼ੂਰੀ ਦਿੱਤੀ ਗਈ। ਸਟਾਰਮਰ ਨੇ ਇੱਕ ਬਿਆਨ ਵਿੱਚ ਕਿਹਾ, “ਚਰਚ ਆਫ਼ ਇੰਗਲੈਂਡ ਇਸ ਦੇਸ਼ ਲਈ ਬਹੁਤ ਮਹੱਤਵਪੂਰਨ ਹੈ। ਇਸ ਦੇ ਚਰਚ, ਕੈਥੀਡ੍ਰਲ, ਸਕੂਲ ਅਤੇ ਚੈਰਿਟੀ ਸਾਡੇ ਭਾਈਚਾਰਿਆਂ ਦੀ ਬਣਤਰ ਦਾ ਹਿੱਸਾ ਹਨ।”