ਚੀਨ ਵੱਲੋਂ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੂੰ ਗੱਲਬਾਤ ਰਾਹੀਂ ਆਪਸੀ ਟਕਰਾਅ ਦਾ ਹੱਲ ਕਰਨ ਦੀ ਅਪੀਲ
ਚੀਨ ਨੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੂੰ ਸੰਜਮ ਵਰਤਣ ਅਤੇ ਗੱਲਬਾਤ ਤੇ ਸਲਾਹ-ਮਸ਼ਵਰੇ ਰਾਹੀਂ ਆਪਣੀਆਂ ਆਪਸੀ ਚਿੰਤਾਵਾਂ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਦੋਵਾਂ ਗੁਆਂਢੀਆਂ ਦੀ ਸਰਹੱਦ 'ਤੇ ਹੋਏ ਭਾਰੀ ਟਕਰਾਅ ਵਿੱਚ ਦਰਜਨਾਂ ਫੌਜੀ ਮਾਰੇ ਗਏ ਸਨ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਇੱਕ ਮੀਡੀਆ ਬ੍ਰੀਫਿੰਗ ਵਿੱਚ ਦੱਸਿਆ ਹਾਲ ਹੀ ਵਿੱਚ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਟਕਰਾਅ ਹੋਇਆ ਹੈ, ਜਿਸ ਕਾਰਨ ਤਣਾਅਪੂਰਨ ਸਬੰਧ ਬਣ ਗਏ ਹਨ, ਜਿਸ ਬਾਰੇ ਅਸੀਂ ਬਹੁਤ ਚਿੰਤਤ ਹਾਂ। ਉਹ ਵੀਕੈਂਡ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਹੋਏ ਟਕਰਾਅ 'ਤੇ ਟਿੱਪਣੀ ਕਰ ਰਹੇ ਸਨ।
ਉਨ੍ਹਾਂ ਕਿਹਾ, “ਚੀਨ ਦਿਲੋਂ ਉਮੀਦ ਕਰਦਾ ਹੈ ਕਿ ਦੋਵੇਂ ਧਿਰਾਂ ਵੱਡੀ ਤਸਵੀਰ 'ਤੇ ਧਿਆਨ ਕੇਂਦਰਿਤ ਕਰਨਗੀਆਂ, ਸ਼ਾਂਤ ਅਤੇ ਸੰਜਮੀ ਰਹਿਣਗੀਆਂ, ਗੱਲਬਾਤ ਅਤੇ ਸਲਾਹ-ਮਸ਼ਵਰੇ ਰਾਹੀਂ ਆਪਸੀ ਚਿੰਤਾਵਾਂ ਨੂੰ ਹੱਲ ਕਰਨ 'ਤੇ ਅਡਿੱਗ ਰਹਿਣਗੀਆਂ, ਟਕਰਾਅ ਨੂੰ ਵਧਾਉਣ ਤੋਂ ਬਚਣਗੀਆਂ।"
ਪਾਕਿਸਤਾਨੀ ਫੌਜ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ 'ਤੇ ਰਾਤ ਭਰ ਹੋਏ ਭਾਰੀ ਟਕਰਾਅ ਵਿੱਚ ਘੱਟੋ-ਘੱਟ 23 ਫੌਜੀ ਅਤੇ 200 ਤੋਂ ਵੱਧ ਤਾਲਿਬਾਨ ਅਤੇ ਸਬੰਧਤ ਅਤਿਵਾਦੀ ਮਾਰੇ ਗਏ।
ਤਾਲਿਬਾਨ ਸਰਕਾਰ ਦੇ ਮੁੱਖ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਕਿਹਾ ਕਿ ਹਮਲਿਆਂ ਵਿੱਚ 58 ਪਾਕਿਸਤਾਨੀ ਸਿਪਾਹੀ ਮਾਰੇ ਗਏ ਅਤੇ ਲਗਪਗ 30 ਹੋਰ ਜ਼ਖਮੀ ਹੋਏ। -ਪੀਟੀਆਈ