ਚੀਨ ਵੱਲੋਂ ਜਪਾਨੀ ਲੜਾਕੂ ਜਹਾਜ਼ ਰਾਡਾਰ ’ਤੇ ਲੈਣ ਦਾ ਵਿਰੋਧ
ਜਪਾਨ ਅਤੇ ਆਸਟਰੇਲੀਆ ਨੇ ਚੀਨ ਦੇ ਹਮਲਾਵਰ ਰਵੱਈਏ ’ਤੇ ਚਿੰਤਾ ਪ੍ਰਗਟਾਉਂਦਿਆਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਹ ਪ੍ਰਤੀਕਿਰਿਆ ਚੀਨੀ ਫੌਜੀ ਜਹਾਜ਼ਾਂ ਵੱਲੋਂ ਜਪਾਨੀ ਲੜਾਕੂ ਜਹਾਜ਼ ਰਾਡਾਰ ’ਤੇ ਲੈਣ ਦੀ ਘਟਨਾ ਤੋਂ ਬਾਅਦ ਆਈ ਹੈ। ਜਪਾਨ ਦੇ ਰੱਖਿਆ ਮੰਤਰੀ ਸ਼ਿੰਜਿਰੋ ਕੋਇਜ਼ੂਮੀ ਨੇ ਘਟਨਾ ਦਾ ਵਿਰੋਧ ਕਰਦਿਆਂ ਇਸ ਨੂੰ ‘ਬੇਹੱਦ ਅਫਸੋਸਨਾਕ’ ਅਤੇ ‘ਖ਼ਤਰਨਾਕ’ ਕਰਾਰ ਦਿੱਤਾ ਹੈ। ਜਪਾਨੀ ਰੱਖਿਆ ਮੰਤਰਾਲੇ ਅਨੁਸਾਰ ਚੀਨੀ ਜਹਾਜ਼ ਜੇ-15 ਨੇ ਸ਼ਨਿਚਰਵਾਰ ਨੂੰ ਓਕੀਨਾਵਾ ਨੇੜੇ ਲਿਆਓਨਿੰਗ ਤੋਂ ਉਡਾਣ ਭਰੀ ਅਤੇ ਜਪਾਨੀ ਐੱਫ-15 ਲੜਾਕੂ ਜਹਾਜ਼ਾਂ ਨੂੰ ਦੋ ਵਾਰ ਰਾਡਾਰ ਰਾਹੀਂ ਨਿਸ਼ਾਨਾ ਬਣਾਇਆ। ਦੂਜੇ ਪਾਸੇ ਚੀਨੀ ਜਲ ਸੈਨਾ ਦੇ ਤਰਜਮਾਨ ਕਰਨਲ ਵਾਂਗ ਸ਼ੁਏਮੇਂਗ ਨੇ ਜਪਾਨੀ ਜਹਾਜ਼ਾਂ ’ਤੇ ਦਖ਼ਲਅੰਦਾਜ਼ੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਪੇਈਚਿੰਗ ਨੇ ਇਨ੍ਹਾਂ ਅਭਿਆਸਾਂ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਸੀ। ਇਸ ਦੌਰਾਨ ਟੋਕੀਓ ਵਿੱਚ ਆਪਣੇ ਹਮਰੁਤਬਾ ਨਾਲ ਗੱਲਬਾਤ ਲਈ ਪਹੁੰਚੇ ਆਸਟਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਰਲਜ਼ ਨੇ ਇਸ ਘਟਨਾਕ੍ਰਮ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਆਸਟਰੇਲੀਆ ਤਾਇਵਾਨ ਜਲਡਮਰੂ ਵਿੱਚ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਹੱਕ ਵਿੱਚ ਹੈ। ਦੋਹਾਂ ਆਗੂਆਂ ਵਿਚਾਲੇ ਮੀਟਿੰਗ ਦੌਰਾਨ ਜਪਾਨ ਅਤੇ ਆਸਟਰੇਲੀਆ ਨੇ ਖੇਤਰ ਵਿੱਚ ਬਹੁ-ਪੱਖੀ ਰੱਖਿਆ ਸਹਿਯੋਗ ਮਜ਼ਬੂਤ ਕਰਨ ਲਈ ਫੌਜੀ ਸਬੰਧ ਗੂੜ੍ਹੇ ਕਰਨ ’ਤੇ ਸਹਿਮਤੀ ਜਤਾਈ ਹੈ।
