ਚੀਨ ਵੱਲੋਂ ਅਹਿਮ ਖਣਿਜ ਬਰਾਮਦਗੀ ’ਤੇ ਪਾਬੰਦੀਆਂ ਦਾ ਬਚਾਅ
ਚੀਨ ਨੇ ਅਹਿਮ ਖਣਿਜ ਅਤੇ ਅਜਿਹੀਆਂ ਹੋਰ ਵਸਤਾਂ ਦੀ ਬਰਾਮਦਗੀ ’ਤੇ ਰੋਕ ਨਾਲ ਜੁੜੇ ਫ਼ੈਸਲਿਆਂ ਦਾ ਬਚਾਅ ਕਰਦਿਆਂ ਇਸ ਨੂੰ ਆਲਮੀ ਸ਼ਾਂਤੀ ਦੀ ਰਾਖੀ ਲਈ ਇਕ ਜਾਇਜ਼ ਕਦਮ ਦੱਸਿਆ। ਚੀਨ ਨੇ ਚਿਤਾਵਨੀ ਦਿੱਤੀ ਕਿ ਜੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਚੀਨੀ ਵਸਤਾਂ ’ਤੇ 100 ਫ਼ੀਸਦ ਟੈਰਿਫ ਲਗਾਉਣ ਦੀ ਆਪਣੀ ਧਮਕੀ ’ਤੇ ਕਾਇਮ ਰਹਿੰਦੇ ਹਨ ਤਾਂ ਉਹ ਵੀ ਪੁਖ਼ਤਾ ਕਦਮ ਚੁਕਣਗੇ। ਚੀਨ ਨੇ ਵੀਰਵਾਰ ਨੂੰ ਦੁਰਲੱਭ ਖਣਿਜ, ਲਿਥੀਅਮ ਬੈਟਰੀ ਅਤੇ ਦੁਰੱਲਭ ਖਣਿਜ ਅਧਾਰਤ ਸਮੱਗਰੀਆਂ ਦੇ ਖਣਨ ਅਤੇ ਪ੍ਰੋਸੈਸਿੰਗ ਨਾਲ ਸਬੰਧਤ ਤਕਨੀਕਾਂ ਤੇ ਉਪਕਰਨਾਂ ਦੀ ਬਰਾਮਦਗੀ ’ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਸੀ। ਪੇਈਚਿੰਗ ਨੇ ਕਿਹਾ ਕਿ ਇਹ ਫ਼ੈਸਲਾ ਇਸ ਚਿੰਤਾ ਨੂੰ ਧਿਆਨ ’ਚ ਰੱਖਦਿਆਂ ਲਿਆ ਗਿਆ ਹੈ ਕਿ ਕੁਝ ਵਿਦੇਸ਼ੀ ਕੰਪਨੀਆਂ ਫ਼ੌਜੀ ਉਦੇਸ਼ਾਂ ਲਈ ਚੀਨ ਤੋਂ ਪ੍ਰਾਪਤ ਸਮੱਗਰੀ ਦੀ ਵਰਤੋਂ ਕਰ ਰਹੀਆਂ ਹਨ। ਟਰੰਪ ਦੀ ਧਮਕੀ ਨਾਲ ਜੁੜੇ ਇਕ ਸਵਾਲ ਦਾ ਜਵਾਬ ਦਿੰਦਿਆਂ ਚੀਨੀ ਵਣਜ ਮੰਤਰਾਲੇ ਨੇ ਐਤਵਾਰ ਨੂੰ ਇਕ ਬਿਆਨ ’ਚ ਅਮਰੀਕਾ ’ਤੇ ਕੌਮੀ ਸੁਰੱਖਿਆ ਦੀ ਧਾਰਨਾ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਚੀਨ ਵਪਾਰਕ ਜੰਗ ਨਹੀਂ ਚਾਹੁੰਦਾ ਹੈ ਪਰ ਉਹ ਇਸ ਤੋਂ ਡਰਦੇ ਵੀ ਨਹੀਂ ਹਨ। ਬਿਆਨ ’ਚ ਕਿਹਾ ਗਿਆ ਕਿ ਜੇ ਅਮਰੀਕਾ ਗਲਤ ਰਾਹ ’ਤੇ ਤੁਰਨ ਲਈ ਅੜਿਆ ਰਿਹਾ ਤਾਂ ਚੀਨ ਯਕੀਨੀ ਤੌਰ ’ਤੇ ਆਪਣੇ ਹੱਕਾਂ ਤੇ ਹਿੱਤਾਂ ਦੀ ਰੱਖਿਆ ਲਈ ਕਦਮ ਚੁੱਕੇਗਾ।