ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੁਵੱਲੇ ਸਬੰਧਾਂ ਬਾਰੇ ਮੋਦੀ ਦੀ ਹਾਂ-ਪੱਖੀ ਟਿੱਪਣੀ ਦੀ ਚੀਨ ਵੱਲੋਂ ਸ਼ਲਾਘਾ

ਦੋਵਾਂ ਮੁਲਕਾਂ ਨੇ ਆਮ ਸਹਿਮਤੀਆਂ ’ਤੇ ਗੰਭੀਰਤਾ ਨਾਲ ਅਮਲ ਕੀਤਾ: ਚੀਨ
Advertisement
ਪੇਈਚਿੰਗ, 17 ਮਾਰਚਚੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ-ਚੀਨ ਸਬੰਧਾਂ ਬਾਰੇ ਕੀਤੀ ਸਕਾਰਾਤਮਕ ਟਿੱਪਣੀ ਦੀ ਅੱਜ ਸ਼ਲਾਘਾ ਕੀਤੀ, ਜਿਸ ’ਚ ਉਨ੍ਹਾਂ ਮਤਭੇਦ ਦੀ ਥਾਂ ਸੰਵਾਦ ਨੂੰ ਤਰਜੀਹ ਦਿੱਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਇੱਥੇ ਪ੍ਰੈੱਸ ਵਾਰਤਾ ’ਚ ਅਮਰੀਕੀ ਪੌਡਕਾਸਟਰ ਲੈਕਸ ਫਰਿੱਡਮੈਨ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀਆਂ ਟਿੱਪਣੀਆਂ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਚੀਨ ਨੇ ਚੀਨ-ਭਾਰਤ ਸਬੰਧਾਂ ਬਾਰੇ ਪ੍ਰਧਾਨ ਮੰਤਰੀ ਮੋਦੀ ਦੀ ਹਾਲੀਆ ਸਕਾਰਾਤਮਕ ਟਿੱਪਣੀ ’ਤੇ ਧਿਆਨ ਦਿੱਤਾ ਹੈ ਤੇ ਚੀਨ ਇਸ ਦੀ ਸ਼ਲਾਘਾ ਕਰਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਮੋਦੀ ਨੇ ਕਿਹਾ ਸੀ ਕਿ ਭਾਰਤ-ਚੀਨ ਵਿਚਾਲੇ ਸਹਿਯੋਗ ਨਾ ਸਿਰਫ਼ ਸਾਡੇ ਦੋਵਾਂ ਦੇਸ਼ਾਂ ਲਈ ਲਾਹੇਵੰਦ ਹੈ ਬਲਕਿ ਇਹ ਆਲਮੀ ਸਥਿਰਤਾ ਤੇ ਖੁਸ਼ਹਾਲੀ ਲਈ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੁਕਾਬਲਾ ਸੁਭਾਵਿਕ ਹੈ ਪਰ ਸੰਘਰਸ਼ ਨਹੀਂ ਹੋਣਾ ਚਾਹੀਦਾ।

ਮਾਓ ਨੇ ਕਿਹਾ ਕਿ ਪਿਛਲੇ ਸਾਲ ਅਕਤੂਬਰ ’ਚ ਰੂਸ ਦੇ ਕਜ਼ਾਨ ਵਿੱਚ ਪ੍ਰਧਾਨ ਮੰਤਰੀ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਸਫ਼ਲ ਮੀਟਿੰਗ ਨੇ ਦੁਵੱਲੇ ਸਬੰਧਾਂ ਦੇ ਸੁਧਾਰ ਤੇ ਵਿਕਾਸ ਲਈ ਰਣਨੀਤਕ ਅਗਵਾਈ ਦਿੱਤੀ ਸੀ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੇ ਅਹਿਮ ਆਮ ਸਹਿਮਤੀਆਂ ’ਤੇ ਗੰਭੀਰਤਾ ਨਾਲ ਅਮਲ ਕੀਤਾ ਹੈ, ਲੈਣ-ਦੇਣ ਮਜ਼ਬੂਤ ਕੀਤਾ ਹੈ ਅਤੇ ਸਕਾਰਾਤਮਕ ਨਤੀਜੇ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ, ‘ਮੈਂ ਇਸ ਗੱਲ ’ਤੇ ਜ਼ੋਰ ਦੇਣਾ ਚਾਹਾਂਗੀ ਕਿ 2000 ਤੋਂ ਵੱਧ ਸਾਲਾਂ ਦੇ ਆਪਸੀ ਸਬੰਧਾਂ ਦੇ ਇਤਿਹਾਸ ’ਚ ਦੋਵਾਂ ਦੇਸ਼ਾਂ ਨੇ ਦੋਸਤਾਨਾ ਲੈਣ-ਦੇਣ ਬਰਕਰਾਰ ਰੱਖਿਆ ਹੈ ਅਤੇ ਦੋਵਾਂ ਮੁਲਕਾਂ ਨੇ ਸੱਭਿਅਤਾ ਤੇ ਮਨੁੱਖੀ ਪ੍ਰਗਤੀ ’ਚ ਯੋਗਦਾਨ ਦਿੰਦਿਆਂ ਇੱਕ-ਦੂਜੇ ਤੋਂ ਸਿੱਖਿਆ ਹੈ।’ -ਪੀਟੀਆਈ

Advertisement

 

Advertisement
Show comments