ਗਾਜ਼ਾ ’ਚ ਜੰਗਬੰਦੀ ਦਾ ਅਮਲ ਸ਼ੁਰੂ, ਹਮਾਸ ਵੱਲੋਂ ਤਿੰਨ ਮਹਿਲਾ ਬੰਦੀ ਰਿਹਾਅ
ਦੀਰ ਅਲ-ਬਲਾਹ, 19 ਜਨਵਰੀ
ਅਮਰੀਕਾ ’ਚ ਡੋਨਲਡ ਟਰੰਪ ਦੇ ਰਾਸ਼ਟਰਪਤੀ ਵਜੋਂ ਹਲਫ਼ ਲੈਣ ਤੋਂ ਇਕ ਦਿਨ ਪਹਿਲਾਂ ਗਾਜ਼ਾ ਪੱਟੀ ’ਚ ਸ਼ਾਂਤੀ ਦਾ ਰਾਹ ਪੱਧਰਾ ਹੋ ਗਿਆ। ਇਜ਼ਰਾਈਲ ਅਤੇ ਹਮਾਸ ਵਿਚਕਾਰ ਹੋਏ ਸਮਝੌਤੇ ਮਗਰੋਂ ਗਾਜ਼ਾ ਪੱਟੀ ’ਚ ਅੱਜ ਤੋਂ ਜੰਗਬੰਦੀ ਦਾ ਅਮਲ ਸ਼ੁਰੂ ਹੋ ਗਿਆ। ਸਮਝੌਤੇ ਤਹਿਤ ਹਮਾਸ ਨੇ ਪਿਛਲੇ 470 ਦਿਨਾਂ ਤੋਂ ਬੰਧਕ ਤਿੰਨ ਮਹਿਲਾਵਾਂ ਰੋਮੀ ਗੋਨੇਨ (24), ਐਮਿਲੀ ਦਮਾਰੀ (28) ਅਤੇ ਡੋਰੋਨ ਸਟੀਨਬ੍ਰੇਸ਼ਰ (31) ਨੂੰ ਰਿਹਾਅ ਕਰ ਦਿੱਤਾ। ਤਿੰਨੋਂ ਬੰਧਕਾਂ ਨੂੰ ਰੈੱਡਕ੍ਰਾਸ ਨੇ ਇਜ਼ਰਾਇਲੀ ਡਿਫੈਂਸ ਫੋਰਸ ਹਵਾਲੇ ਕੀਤਾ ਗਿਆ ਜੋ ਬਾਅਦ ’ਚ ਇਜ਼ਰਾਈਲ ਪਹੁੰਚ ਗਈਆਂ। ਉਧਰ ਇਜ਼ਰਾਈਲ ਵੱਲੋਂ 90 ਫਲਸਤੀਨੀਆਂ ਨੂੰ ਛੱਡਿਆ ਜਾਵੇਗਾ ਜਿਨ੍ਹਾਂ ’ਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਸ਼ਾਮਲ ਹਨ। ਕਰੀਬ 15 ਮਹੀਨਿਆਂ ਦੀ ਜੰਗ ਮਗਰੋਂ ਫਲਸਤੀਨੀਆਂ ਨੇ ਹੁਣ ਜਾ ਕੇ ਸੁੱਖ ਦਾ ਸਾਹ ਲਿਆ ਹੈ ਅਤੇ ਉਹ ਮਲਬੇ ’ਚ ਤਬਦੀਲ ਹੋ ਚੁੱਕੇ ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਹੋ ਗਏ ਹਨ। ਅਮਰੀਕਾ, ਕਤਰ ਅਤੇ ਮਿਸਰ ਦੀ ਵਿਚੋਲਗੀ ਨਾਲ ਜੰਗਬੰਦੀ ਦਾ ਸਮਝੌਤਾ ਸਿਰੇ ਚੜ੍ਹਿਆ ਹੈ। ਜੰਗਬੰਦੀ ਦਾ ਅਮਲ ਸ਼ੁਰੂ ਹੋਣ ਦੇ ਨਾਲ ਹੀ ਮਿਸਰ ਤੋਂ ਰਾਹਤ ਸਮੱਗਰੀ ਨਾਲ ਭਰੇ ਟਰੱਕ ਗਾਜ਼ਾ ’ਚ ਅੱਜ ਦਾਖ਼ਲ ਹੋਏ।
ਇਸ ਤੋਂ ਪਹਿਲਾਂ ਜੰਗਬੰਦੀ ਦਾ ਅਮਲ ਅੱਜ ਤਿੰਨ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ ਕਿਉਂਕਿ ਹਮਾਸ ਨੇ ਰਿਹਾਅ ਕੀਤੇ ਜਾਣ ਵਾਲੇ ਤਿੰਨ ਬੰਧਕਾਂ ਦੇ ਨਾਮ ਨਸ਼ਰ ਨਹੀਂ ਕੀਤੇ ਸਨ ਜਦਕਿ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਸ ਗੱਲ ’ਤੇ ਅੜ ਗਏ ਸਨ ਕਿ ਹਮਾਸ ਬੰਧਕਾਂ ਦੇ ਨਾਵਾਂ ਦੀ ਸੂਚੀ ਜਾਰੀ ਕਰੇ। ਹਮਾਸ ਨੇ ਬੰਧਕਾਂ ਦੇ ਨਾਮ ਜਾਰੀ ਕਰਨ ਵਿਚ ਦੇਰੀ ਲਈ ਤਕਨੀਕੀ ਕਾਰਨਾਂ ਦਾ ਹਵਾਲਾ ਦਿੱਤਾ। ਇਜ਼ਰਾਈਲ ਮੁਤਾਬਕ ਗੋਨੇਨ ਨੂੰ ਨੋਵਾ ਸੰਗੀਤ ਉਤਸਵ ਜਦਕਿ ਦੋ ਹੋਰਾਂ ਨੂੰ ਕਿਬੁਤਜ਼ ਕਫਾਰ ਅਜ਼ਾ ਤੋਂ ਅਗ਼ਵਾ ਕੀਤਾ ਗਿਆ ਸੀ। ਦਮਾਰੀ ਇਜ਼ਰਾਇਲੀ-ਬਰਤਾਨਵੀ ਨਾਗਰਿਕ ਹੈ। ਜੰਗਬੰਦੀ ਦੇ ਅਮਲ ’ਚ ਦੇਰੀ ਦੌਰਾਨ ਹੀ ਇਜ਼ਰਾਈਲ ਨੇ ਖ਼ਾਨ ਯੂਨਿਸ ’ਚ ਹਵਾਈ ਹਮਲਾ ਕੀਤਾ ਜਿਸ ’ਚ 26 ਵਿਅਕਤੀਆਂ ਦੀ ਮੌਤ ਦਾ ਦਾਅਵਾ ਕੀਤਾ ਗਿਆ ਹੈ। ਇਕ ਹੋਰ ਵੱਖਰੇ ਘਟਨਾਕ੍ਰਮ ਤਹਿਤ ਇਜ਼ਰਾਈਲ ਨੇ ਐਲਾਨ ਕੀਤਾ ਕਿ ਉਸ ਨੂੰ ਇਕ ਵਿਸ਼ੇਸ਼ ਅਪਰੇਸ਼ਨ ਦੌਰਾਨ ਆਪਣੇ ਫੌਜੀ ਓਰੋਨ ਸ਼ੌਲ ਦੀ ਲਾਸ਼ ਮਿਲ ਗਈ ਹੈ, ਜੋ 2014 ਇਜ਼ਰਾਈਲ-ਹਮਾਸ ਜੰਗ ਵਿਚ ਮਾਰਿਆ ਗਿਆ ਸੀ। ਸਾਲ 2014 ਦੀ ਜੰਗ ਮਗਰੋਂ ਸ਼ੌਲ ਅਤੇ ਇਕ ਹੋਰ ਇਜ਼ਰਾਇਲੀ ਫੌਜੀ ਹੈਦਰ ਗੋਲਡਿਨ ਦੀਆਂ ਦੇਹਾਂ ਗਾਜ਼ਾ ਵਿਚ ਰਹਿ ਗਈਆਂ ਸਨ। ਇਨ੍ਹਾਂ ਫੌਜੀਆਂ ਦੇ ਪਰਿਵਾਰਾਂ ਵੱਲੋਂ ਕੀਤੇ ਜਨਤਕ ਅੰਦੋਲਨਾਂ ਦੇ ਬਾਵਜੂਦ ਲਾਸ਼ਾਂ ਨਹੀਂ ਮੋੜੀਆਂ ਗਈਆਂ ਸਨ। -ਏਪੀ
ਜਿਊਸ਼ ਪਾਵਰ ਪਾਰਟੀ ਦੇ ਮੰਤਰੀਆਂ ਨੇ ਦਿੱਤੇ ਅਸਤੀਫ਼ੇ
ਇਜ਼ਰਾਈਲ ਦੇ ਕੱਟੜਪੰਥੀ ਕੌਮੀ ਸੁਰੱਖਿਆ ਮੰਤਰੀ ਇਤਾਮਾਰ ਬੇਨ-ਗਵੀਰ ਦੀ ਜਿਊਸ਼ ਪਾਵਰ ਪਾਰਟੀ ਨੇ ਕਿਹਾ ਕਿ ਜੰਗਬੰਦੀ ਦੇ ਵਿਰੋਧ ’ਚ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੇ ਅੱਜ ਸਰਕਾਰ ਤੋਂ ਅਸਤੀਫ਼ੇ ਦੇ ਦਿੱਤੇ ਹਨ। ਇਸ ਨਾਲ ਨੇਤਨਯਾਹੂ ਦੀ ਅਗਵਾਈ ਹੇਠਲਾ ਗੱਠਜੋੜ ਕਮਜ਼ੋਰ ਜ਼ਰੂਰ ਹੋਵੇਗਾ ਪਰ ਇਸ ਨਾਲ ਜੰਗਬੰਦੀ ਦੇ ਅਮਲ ’ਤੇ ਕੋਈ ਅਸਰ ਨਹੀਂ ਪਵੇਗਾ। -ਏਪੀ