ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਾਜ਼ਾ ’ਚ ਭਲਕ ਤੋਂ ਗੋਲੀਬੰਦੀ ਦਾ ਰਾਹ ਪੱਧਰਾ

ਇਜ਼ਰਾਇਲੀ ਸੁਰੱਖਿਆ ਕੈਬਨਿਟ ਨੇ ਸਮਝੌਤੇ ਨੂੰ ਦਿੱਤੀ ਪ੍ਰਵਾਨਗੀ; ਬੰਦੀਆਂ ਨੂੰ ਵੀ ਕੀਤਾ ਜਾਵੇਗਾ ਰਿਹਾਅ
ਇਜ਼ਰਾਈਲ ਤੇ ਹਮਾਸ ਵਿਚਾਲੇ ਗੋਲੀਬੰਦੀ ਸਮਝੌਤੇ ਦੇ ਐਲਾਨ ਮਗਰੋਂ ਬੰਦੀਆਂ ਦੇ ਪਰਿਵਾਰਕ ਮੈਂਬਰ ਭਾਵੁਕ ਹੁੰਦੇ ਹੋਏ। -ਫੋਟੋ: ਰਾਇਟਰਜ਼
Advertisement

* ਦੋ ਮੰਤਰੀਆਂ ਨੇ ਸਮਝੌਤੇ ’ਤੇ ਇਤਰਾਜ਼ ਜਤਾਇਆ

ਤਲ ਅਵੀਵ, 17 ਜਨਵਰੀ

Advertisement

ਇਜ਼ਰਾਇਲੀ ਸੁਰੱਖਿਆ ਕੈਬਨਿਟ ਨੇ ਗਾਜ਼ਾ ਪੱਟੀ ’ਚ ਗੋਲੀਬੰਦੀ ਅਤੇ ਹਮਾਸ ਵੱਲੋਂ ਬੰਧਕ ਬਣਾਏ ਗਏ ਲੋਕਾਂ ਨੂੰ ਰਿਹਾਅ ਕਰਨ ਸਬੰਧੀ ਸਮਝੌਤੇ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ। ਸੁਰੱਖਿਆ ਕੈਬਨਿਟ ਵੱਲੋਂ ਦਿੱਤੀ ਪ੍ਰਵਾਨਗੀ ਮਗਰੋਂ ਹੁਣ ਇਹ ਮਤਾ ਕੇਂਦਰੀ ਕੈਬਨਿਟ ’ਚ ਲਿਆਂਦਾ ਜਾਵੇਗਾ ਜਿਸ ਮਗਰੋਂ 15 ਮਹੀਨੇ ਤੋਂ ਜਾਰੀ ਜੰਗ ਐਤਵਾਰ ਤੋਂ ਰੁਕ ਜਾਵੇਗੀ ਅਤੇ ਸ਼ਾਂਤੀ ਵਾਰਤਾ ਦਾ ਰਾਹ ਪੱਧਰਾ ਹੋਵੇਗਾ। ਗੋਲੀਬੰਦੀ ਹੋਣ ਕਾਰਨ ਜੰਗ ’ਚ ਉਜੜੇ ਲੱਖਾਂ ਫਲਸਤੀਨੀਆਂ ਨੂੰ ਆਪਣੇ ਘਰਾਂ ਵੱਲ ਮੁੜਨ ਦਾ ਵੀ ਮੌਕਾ ਮਿਲੇਗਾ। ਉਂਜ ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ’ਚ ਸ਼ਾਮਲ ਦੋ ਕੱਟੜਪੰਥੀ ਮੰਤਰੀਆਂ ਇਤਾਮਰ ਬੇਨ-ਗਵੀਰ ਅਤੇ ਬੇਜ਼ਾਲੇਲ ਸਮੋਤਰਿਚ ਨੇ ਸਮਝੌਤੇ ਖ਼ਿਲਾਫ਼ ਵੋਟ ਪਾਈ। ਦੋਵੇਂ ਮੰਤਰੀਆਂ ਨੇ ਮੰਗ ਕੀਤੀ ਕਿ ਜਿਵੇਂ ਹੀ ਹਮਾਸ ਵੱਲੋਂ ਪਹਿਲੇ ਪੜਾਅ ਤਹਿਤ 33 ਬੰਧਕਾਂ ਨੂੰ ਰਿਹਾਅ ਕੀਤਾ ਜਾਵੇ ਤਾਂ ਸਰਕਾਰ ਗਾਜ਼ਾ ’ਚ ਮੁੜ ਹਮਲੇ ਸ਼ੁਰੂ ਕਰ ਦੇਵੇ। ਉਨ੍ਹਾਂ ਵੀਰਵਾਰ ਨੂੰ ਕਿਹਾ ਸੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਗੱਠਜੋੜ ਤੋਂ ਲਾਂਭੇ ਹੋ ਜਾਣਗੇ।

ਹਮਾਸ ਅਤੇ ਇਜ਼ਰਾਈਲ ਵਿਚਕਾਰ ਗੋਲੀਬੰਦੀ ਦਾ ਸਮਝੌਤਾ ਲਾਗੂ ਹੋਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਗਾਜ਼ਾ ਦੇ ਖ਼ਾਨ ਯੂਨਿਸ ’ਚ ਭੋਜਨ ਲੈਣ ਲਈ ਇਕੱਠੇ ਹੋਏ ਬੱਚੇ। -ਫੋਟੋ: ਰਾਇਟਰਜ਼

ਇਸ ਨਾਲ ਨੇਤਨਯਾਹੂ ਸਰਕਾਰ ਖ਼ਤਰੇ ’ਚ ਪੈ ਸਕਦੀ ਹੈ। ਅਮਰੀਕਾ ਅਤੇ ਕਤਰ ਨੇ ਬੁੱਧਵਾਰ ਨੂੰ ਹੀ ਐਲਾਨ ਕਰ ਦਿੱਤਾ ਸੀ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਸਮਝੌਤਾ ਹੋ ਗਿਆ ਹੈ। ਕੈਬਨਿਟ ਮੀਟਿੰਗ ਤੋਂ ਪਹਿਲਾਂ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਕਿ ਹਮਾਸ ਵੱਲੋਂ ਬੰਦੀ ਬਣਾਏ ਗਏ ਲੋਕਾਂ ਨੂੰ ਰਿਹਾਅ ਕਰਨ ਸਬੰਧੀ ਸਮਝੌਤੇ ’ਤੇ ਸਹਿਮਤੀ ਬਣ ਗਈ ਹੈ। ਇਕ ਦਿਨ ਪਹਿਲਾਂ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਸੀ ਕਿ ਗਾਜ਼ਾ ’ਚ ਜੰਗਬੰਦੀ ਅਤੇ ਫਲਸਤੀਨੀ ਕੈਦੀਆਂ ਦੀ ਰਿਹਾਈ ਦੇ ਬਦਲੇ ਬੰਦੀਆਂ ਨੂੰ ਰਿਹਾਅ ਕਰਨ ਲਈ ਗੱਲਬਾਤ ’ਚ ਆਖਰੀ ਸਮੇਂ ’ਚ ਅੜਿੱਕਾ ਪਿਆ ਸੀ। ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਗਾਜ਼ਾ ਤੋਂ ਬੰਦੀਆਂ ਦੀ ਵਾਪਸੀ ਲਈ ਇਕ ਵਿਸ਼ੇਸ਼ ਕਾਰਜ ਬਲ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਸਮਝੌਤਾ ਹੋ ਗਿਆ ਹੈ। ਉਨ੍ਹਾਂ ਬੰਦੀਆਂ ਦੇ ਰਿਹਾਅ ਹੋਣ ਮਗਰੋਂ ਇਲਾਜ ਲਈ ਹਸਪਤਾਲਾਂ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉਧਰ ਫਲਸਤੀਨੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੁਣ ਤੱਕ ਜੰਗ ’ਚ 46,876 ਫਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ 110,642 ਜ਼ਖ਼ਮੀ ਹੋਏ ਹਨ। -ਏਪੀ

ਪਹਿਲਾਂ ਛੱਡੇ ਜਾਣਗੇ 33 ਬੰਦੀ

ਗੋਲੀਬੰਦੀ ਦੇ ਸਮਝੌਤੇ ਦੇ ਤਿੰਨ ਪੜਾਅ ਹਨ ਅਤੇ ਪਹਿਲਾ ਪੜਾਅ ਐਤਵਾਰ ਤੋਂ ਸ਼ੁਰੂ ਹੋ ਜਾਵੇਗਾ। ਵਾਰਤਾਕਾਰ ਕਤਰ ਮੁਤਾਬਕ ਛੇ ਹਫ਼ਤਿਆਂ ਤੱਕ ਜੰਗ ਰੋਕੀ ਜਾਵੇਗੀ ਅਤੇ ਜੰਗ ਖ਼ਤਮ ਕਰਨ ਲਈ ਗੱਲਬਾਤ ਦਾ ਰਾਹ ਖੋਲ੍ਹਿਆ ਜਾਵੇਗਾ। ਇਸ ਸਮੇਂ ਦੌਰਾਨ ਕਰੀਬ 100 ਬੰਦੀਆਂ ’ਚੋਂ 33 ਨੂੰ ਰਿਹਾਅ ਕੀਤਾ ਜਾਵੇਗਾ। ਇਹ ਸਪੱਸ਼ਟ ਨਹੀਂ ਕਿ ਉਹ ਸਾਰੇ ਜ਼ਿੰਦਾ ਹਨ ਜਾਂ ਨਹੀਂ। ਅਮਰੀਕਾ ਨੇ ਕਿਹਾ ਹੈ ਕਿ ਪਹਿਲੇ ਪੜਾਅ ਤਹਿਤ ਇਜ਼ਰਾਇਲੀ ਫੌਜ ਗਾਜ਼ਾ ਦੇ ਸੰਘਣੇ ਅਬਾਦੀ ਵਾਲੇ ਇਲਾਕਿਆਂ ’ਚੋਂ ਹਟੇਗੀ। ਦੂਜਾ ਪੜਾਅ ਗੋਲੀਬੰਦੀ ਦੇ 16ਵੇਂ ਦਿਨ ਸ਼ੁਰੂ ਹੋਵੇਗਾ ਤੇ ਇਸ ਤਹਿਤ ਸਾਰੇ ਬੰਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਤੀਜੇ ਪੜਾਅ ਤਹਿਤ ਮਾਰੇ ਗਏ ਬੰਦੀਆਂ ਦੀਆਂ ਲਾਸ਼ਾਂ ਸੌਂਪੀਆਂ ਜਾਣਗੀਆਂ ਤੇ ਗਾਜ਼ਾ ਦੀ ਪੁਨਰ ਉਸਾਰੀ ਦਾ ਕੰਮ ਸ਼ੁਰੂ ਹੋਵੇਗਾ।

Advertisement
Show comments