Canada: ਕੰਮ ਤੋਂ ਪਰਤ ਰਹੀ ਪੰਜਾਬਣ ਨਾਲ ਮਹਿਲਾ ਲੁਟੇਰਾ ਗਰੋਹ ਵੱਲੋਂ ਕੁੱਟਮਾਰ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 26 ਜੂਨ
ਵਿਨੀਪੈੱਗ ਨੇੜੇ ਓਸਬੋਰਨ ਪਿੰਡ ’ਚ ਮਹਿਲਾ ਲੁਟੇਰੀਆਂ ਆਪਣੇ ਭਰਾ ਭਾਬੀ ਕੋਲ ਰਹਿੰਦੀ 23 ਸਾਲਾ ਪੰਜਾਬਣ ਦੀ ਕੁੱਟਮਾਰ ਕਰਕੇ ਉਸ ਤੋਂ ਬੈਂਕ ਕਾਰਡ, ਨਕਦੀ ਤੇ ਹੋਰ ਦਸਤਾਵੇਜ਼ ਤੇ ਸਮਾਨ ਖੋਹ ਕੇ ਭੱਜ ਗਈਆਂ। ਪੁਲੀਸ ਨੇ ਗਰੋਹ ’ਚ ਸ਼ਾਮਲ ਨਾਬਾਲਗ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੀੜਤ ਤਨਪ੍ਰੀਤ ਰਾਤ ਸਮੇਂ ਕੰਮ ਤੋਂ ਪਰਤਦੇ ਹੋਏ ਬੱਸ ਤੋਂ ਉਤਰ ਕੇ ਘਰ ਜਾ ਰਹੀ ਸੀ। ਉਹ ਘਰ ਅੱਗੇ ਪਹੁੰਚੀ ਤਾਂ ਇਸ ਮਹਿਲਾ ਗਰੋਹ ਨੇ ਧੱਕਾ ਦੇ ਕੇ ਉਸ ਨੂੰ ਹੇਠਾਂ ਸੁੱਟ ਲਿਆ ਤੇ ਕਾਫੀ ਦੇਰ ਕੁੱਟਮਾਰ ਕਰਦੀਆਂ ਰਹੀਆਂ। ਉਸ ਦੀਆਂ ਚੀਕਾਂ ਸੁਣ ਕੇ ਨੇੜਲੇ ਲੋਕ ਮਦਦ ਲਈ ਆਏ ਤਾਂ ਮਹਿਲਾ ਗਰੋਹ ਦੇ ਮੈਂਬਰ ਭੱਜ ਗਏ। ਤਰਨਪ੍ਰੀਤ ਦੀ ਭਾਬੀ ਰਮਨਦੀਪ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਕਈ ਘੰਟਿਆਂ ਬਾਅਦ ਉਸ ਨੂੰ ਹੋਸ਼ ਆਈ। ਡਾਕਟਰਾਂ ਨੂੰ ਉਸ ਦੀ ਸਰਜਰੀ ਵੀ ਕਰਨੀ ਪਈ। ਇਹ ਘਟਨਾ 22 ਜੂਨ ਰਾਤ ਦੀ ਦੱਸੀ ਜਾਂਦੀ ਹੈ। ਤਨਪ੍ਰੀਤ ਦਾ ਭਰਾ, ਜੋ ਭਾਰਤ ਗਿਆ ਹੋਇਆ ਸੀ, ਇਸ ਘਟਨਾ ਦਾ ਪਤਾ ਲੱਗਦੇ ਹੀ ਵਾਪਸ ਪਰਤ ਆਇਆ ਹੈ।
ਪੁਲੀਸ ਅਨੁਸਾਰ ਗ੍ਰਿਫਤਾਰ ਕੀਤੀ 17 ਸਾਲਾ ਲੜਕੀ ਉੱਤੇ ਲੁੱਟ ਤੇ ਕੁੱਟਮਾਰ ਦੇ ਸੱਤ ਦੋਸ਼ ਆਇਦ ਕੀਤੇ ਗਏ ਹਨ ਤੇ ਉਸ ਦੇ ਬਾਕੀ ਸਾਥੀਆਂ ਨੂੰ ਵੀ ਜਲਦੀ ਫੜ ਲਿਆ ਜਾਏਗਾ।