ਕੈਨੇਡਾ: ਬੈਟਲ ਰਿਵਰ ਕ੍ਰੋਫੁਟ ਦੀ ਜ਼ਿਮਨੀ ਚੋਣ ਲਈ 117 ਉਮੀਦਵਾਰ ਮੈਦਾਨ ’ਚ
ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਦੇ ਆਗੂ ਪੀਅਰ ਪੋਲੀਵਰ ਇੱਕ ਵਾਰ ਫਿਰ ਸੰਸਦ ਵਿੱਚ ਦਾਖਲ ਹੋਣ ਲਈ ਚੋਣ ਲੜ ਰਹੇ ਹਨ। ਓਟਵਾ ਦੇ ਨੇਪੀਅਨ ਕਾਰਲਟਨ ਹਲਕੇ ਤੋਂ ਪਹਿਲਾਂ 7 ਵਾਰ ਜਿੱਤ ਚੁੱਕੇ ਪੋਲੀਵਰ ਇਸ ਸਾਲ 28 ਅਪੈਰਲ ਨੂੰ ਹੋਈਆਂ ਚੋਣਾਂ ਵਿੱਚ ਲਿਬਰਲ ਪਾਰਟੀ ਦੇ ਬਰੂਸ ਫਰੈਂਜ਼ੋ ਤੋਂ 4513 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਇਸ ਹਾਰ ਦਾ ਕਾਰਨ ਮੁੱਖ ਤੌਰ ’ਤੇ 52 ਉਮੀਦਵਾਰਾਂ ਦੀ ਮੌਜੂਦਗੀ ਮੰਨਿਆ ਗਿਆ ਸੀ, ਜਿਸ ਨਾਲ ਵੋਟਾਂ ਵੰਡੀਆਂ ਗਈਆਂ ਸਨ। ਹੁਣ ਪੋਲੀਵਰ ਕੈਲਗਰੀ ਨੇੜਲੇ ਬੈਟਲ ਰਿਵਰ ਕ੍ਰੋਫੁਟ ਹਲਕੇ ਤੋਂ ਜ਼ਿਮਨੀ ਚੋਣ ਲੜ ਰਹੇ ਹਨ। ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਵਜੋਂ ਆਪਣੀ ਭੂਮਿਕਾ ਜਾਰੀ ਰੱਖਣ ਲਈ ਪੋਲੀਵਰ ਨੂੰ ਸੀਟ ਦੀ ਲੋੜ ਸੀ। ਇਸ ਲਈ ਬੈਟਲ ਰਿਵਰ ਕ੍ਰੋਫੁਟ ਤੋਂ ਪਿਛਲੀ ਵਾਰ ਦੇ ਜੇਤੂ ਕੰਜ਼ਰਵੇਟਿਵ ਸੰਸਦ ਮੈਂਬਰ ਡੇਮੀਅਨ ਕੁਰਕ ਨੇ ਪੋਲੀਵਰ ਲਈ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਇਹ ਜ਼ਿਮਨੀ ਚੋਣ 18 ਅਗਸਤ ਨੂੰ ਹੋਵੇਗੀ ਅਤੇ ਇਸ ਲਈ ਰਿਕਾਰਡ 177 ਉਮੀਦਵਾਰ ਮੈਦਾਨ ਵਿੱਚ ਹਨ, ਜਿਸ ਕਾਰਨ ਮੁਕਾਬਲਾ ਕਾਫੀ ਦਿਲਚਸਪ ਬਣ ਗਿਆ ਹੈ। 1,07,980 ਦੀ ਆਬਾਦੀ ਅਤੇ 81,123 ਵੋਟਰਾਂ ਵਾਲਾ ਇਹ ਹਲਕਾ ਭੂਗੋਲਿਕ ਤੌਰ ’ਤੇ ਵੱਡਾ ਹੋਣ ਕਰਕੇ ਇੱਥੇ ਚੋਣ ਪ੍ਰਚਾਰ ਕਰਨਾ ਵੀ ਮੁਸ਼ਕਲ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪੋਲੀਵਰ ਨੂੰ ਪਾਰਟੀ ਆਗੂ ਹੋਣ ਦਾ ਫਾਇਦਾ ਜ਼ਰੂਰ ਮਿਲੇਗਾ, ਪਰ ਨਾਲ ਹੀ ਉਸ ਨੂੰ ‘ਬਾਹਰਲੇ ਵਿਅਕਤੀ’ ਹੋਣ ਕਾਰਨ ਕੁਝ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।