Boat-Vessel collide: ਚੀਨ: ਬੇੜੇ ਤੇ ਕਿਸ਼ਤੀ ਦੀ ਟੱਕਰ ਕਾਰਨ 11 ਵਿਅਕਤੀਆਂ ਦੀ ਮੌਤ
ਪੇਈਚਿੰਗ, 1 ਮਾਰਚ
ਚੀਨ ਦੇ ਦੱਖਣੀ ਹਿੱਸੇ ’ਚ ਤੇਲ ਦੇ ਰਿਸਾਅ ਨੂੰ ਤੇਲ ਸਾਫ਼ ਕਰਨ ਵਾਲੇ ਬੇੜੇ ਨੇ ਇੱਕ ਛੋਟੀ ਕਿਸ਼ਤੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਲਾਪਤਾ ਹਨ। ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ।
ਦੇਸ਼ ਦੀ ਅਧਿਕਾਰਤ ਖ਼ਬਰ ਏਜੰਸੀ ‘ਸ਼ਿਨਹੂਆ’ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਹੁਨਾਨ ਸੂਬੇ ’ਚ ਯੂਆਨਸ਼ੂਈ ਨਦੀ ’ਚ ਵਾਪਰੀ ਘਟਨਾ ਦੌਰਾਨ 19 ਜਣੇ ਪਾਣੀ ’ਚ ਡਿੱਗ ਪਏ ਜਿਨ੍ਹਾਂ ਵਿਚੋਂ ਤਿੰਨ ਨੂੰ ਬਚਾਅ ਲਿਆ ਗਿਆ। ਘਟਨਾ ਉਸ ਜਗ੍ਹਾ ’ਤੇ ਵਾਪਰੀ ਜਿਥੇ ਨਦੀ ਔਸਤਨ 60 ਮੀਟਰ ਤੋਂ ਵੱਧ ਡੂੰਘੀ ਅਤੇ 500 ਮੀਟਰ ਚੌੜੀ ਹੈ। ਸ਼ਿਨਹੂਆ ਮੁਤਾਬਕ ਤਲਾਸ਼ ਅਤੇ ਬਚਾਅ ਕਾਰਜ ਜਾਰੀ ਹਨ। ਹਾਦਸੇ ’ਚ ਬਚਾਏ ਗਏ ਇੱਕ ਵਿਅਕਤੀ ਦੇ ਰਿਸ਼ਤੇਦਾਰ ਨੇ ਸ਼ੰਘਾਈ ’ਚ ਅਖਬਾਰ ‘ਦਿ ਪੇਪਰ’ ਨੂੰ ਦੱਸਿਆ ਕਿ ਕਿਸ਼ਤੀ ਹੀ ਉਨ੍ਹਾਂ ਦੇ ਪਿੰਡ ਪਹੁੰਚਣ ਦਾ ਮੁੱਖ ਸਾਧਨ ਹੈ। ‘ਦਿ ਪੇਪਰ’ ਵੱਲੋਂ ਪ੍ਰਾਪਤ ਇੱਕ ਵੀਡੀਓ ’ਚ ਤੇਲ ਰਿਸਾਅ ਸਾਫ਼ ਕਰਨ ਵਾਲਾ ਇੱਕ ਵੱਡਾ ਬੇੜਾ ਪਾਣੀ ’ਚ ਕਿਸ਼ਤੀ ਨੂੰ ਪਿੱਛੇ ਤੋਂ ਟੱਕਰ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ। ਚੀਨ ਦੀ ਖਬਰ ਏਜੰਸੀ ਨੇ ਬੁੱਧਵਾਰ ਨੂੰ ਦੱਸਿਆ ਕਿ ਬੇੜੇ ’ਚ ਸਗਾਰ ਤਿੰਨ ਵਿਅਕਤੀ ਪੁਲੀਸ ਦੀ ਜਾਂਚ ਦੇ ਘੇਰੇ ’ਚ ਹਨ ਅਤੇ ਉਨ੍ਹਾਂ ਵਿਚੋਂ ਕੋਈ ਜ਼ਖਮੀ ਨਹੀਂ ਹੋਇਆ ਹੈ। ਹਾਲਾਂਕਿ ਸ਼ਨਿਚਰਵਾਰ ਸਵੇਰ ਤੱਕ ਹਾਦਸੇ ਦੇ ਕਾਰਨਾਂ ਬਾਰੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ। -ਏਪੀ