ਸੈਂਕੜੇ ਪਰਵਾਸੀ ਲਿਜਾ ਰਹੀ ਕਿਸ਼ਤੀ ਪਲਟੀ
ਮਿਆਂਮਾਰ ਤੋਂ ਤਕਰੀਬਨ 300 ਪਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਥਾਈਲੈਂਡ ਅਤੇ ਮਲੇਸ਼ੀਆ ਦੀ ਸਰਹੱਦ ਨੇੜੇ ਹਿੰਦ ਮਹਾਸਾਗਰ ਵਿੱਚ ਪਲਟ ਗਈ। ਅਧਿਕਾਰੀਆਂ ਨੇ ਦੱਸਿਆ ਕਿ 7 ਵਿਅਕਤੀ ਮਾਰੇ ਗਏ ਹਨ ਤੇ ਘੱਟੋ-ਘੱਟ ਇੱਕ ਲਾਸ਼ ਸਮੁੰਦਰ ਵਿੱਚ ਤੈਰਦੀ ਮਿਲੀ ਹੈ; 10 ਹੋਰਾਂ ਨੂੰ ਬਚਾਅ ਗਿਆ ਹੈ, ਦਰਜਨਾਂ ਹੋਰ ਲਾਪਤਾ ਹਨ।
ਮਲੇਸ਼ੀਆਈ ਮੈਰੀਟਾਈਮ ਐਨਫੋਰਸਮੈਂਟ ਏਜੰਸੀ ਦੇ ਪਹਿਲੇ ਐਡਮ ਰੋਮਲੀ ਮੁਸਤਫ਼ਾ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਕਿਸ਼ਤੀ ਨੇ ਮਿਆਂਮਾਰ ਦੇ ਰਾਖੀਨ ਰਾਜ ਦੇ ਬੁਥੀਡੌਂਗ ਕਸਬੇ ਤੋਂ ਯਾਤਰਾ ਸ਼ੁਰੂ ਕੀਤੀ ਸੀ ਅਤੇ ਇਹ ਤਿੰਨ ਦਿਨ ਪਹਿਲਾਂ ਡੁੱਬ ਗਈ ਸੀ। ਏਜੰਸੀ ਨੇ ਸ਼ਨਿਚਰਵਾਰ ਨੂੰ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਤਾਂ ਮਲੇਸ਼ੀਆ ਦੇ ਉੱਤਰੀ ਰਿਜ਼ੋਰਟ ਟਾਪੂ ਲੈਂਗਕਾਵੀ ਨੇੜੇ ਪਾਣੀਆਂ ਵਿੱਚ ਕਈ ਲੋਕ ਤੈਰਦੇ ਹੋਏ ਮਿਲੇ। ਇਸ ਦੌਰਾਨ ਮਿਆਂਮਾਰ ਦੀ ਮੰਨੀ ਜਾਂਦੀ ਇੱਕ ਔਰਤ ਦੀ ਲਾਸ਼ ਸਮੁੰਦਰ ਵਿੱਚ ਤੈਰਦੀ ਹੋਈ ਮਿਲੀ।
ਉਸ ਨੇ ਦੱਸਿਆ ਕਿ ਇਸ ਘਟਨਾ ਵਿੱਚੋਂ 10 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿੱਚ ਬੰਗਲਾਦੇਸ਼ ਦਾ ਇੱਕ ਸ਼ਖ਼ਸ ਅਤੇ ਮਿਆਂਮਾਰ ਦੇ ਕਈ ਲੋਕ ਸ਼ਾਮਲ ਹਨ। ਉਨ੍ਹਾਂ ਕਿਹਾ, ‘‘ਜਿਵੇਂ-ਜਿਵੇਂ ਅਪਰੇਸ਼ਨ ਜਾਰੀ ਰਹਿੰਦਾ ਹੈ, ਹੋਰ ਮੁਸਾਫ਼ਿਰਾਂ ਦੇ ਮਿਲਣ ਦੀ ਸੰਭਾਵਨਾ ਹੈ।’’ ਯਾਦ ਰਹੇ ਕਿ ਜਨਵਰੀ ਵਿੱਚ ਮਲੇਸ਼ਿਆਈ ਅਧਿਕਾਰੀਆਂ ਨੇ ਤਕਰੀਬਨ 300 ਲੋਕਾਂ ਨੂੰ ਲਿਜਾ ਰਹੀਆਂ ਦੋ ਕਿਸ਼ਤੀਆਂ ਵਾਪਸ ਮੋੜ ਦਿੱਤੀਆਂ ਸਨ, ਜਿਨ੍ਹਾਂ ਨੂੰ ਮੁਸਲਮਾਨ ਰੋਹਿੰਗਿਆ ਸ਼ਰਨਾਰਥੀ ਮੰਨਿਆ ਜਾ ਰਿਹਾ ਸੀ ਅਤੇ ਉਹ ਗ਼ੈਰ-ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।
ਕਿਸ਼ਤੀ ਥਾਈ ਪਾਣੀਆਂ ’ਚ ਪਲਟਣ ਦਾ ਖਦਸ਼ਾ
ਮਲੇਸ਼ੀਆ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਿਸ਼ਤੀ ਥਾਈ ਪਾਣੀਆਂ ਵਿੱਚ ਪਲਟੀ ਹੋਣ ਦੀ ਸੰਭਾਵਨਾ ਹੈ। ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਸਰਹੱਦ ਪਾਰ ਦੇ ਸਿੰਡੀਕੇਟ ਖ਼ਤਰਨਾਕ ਸਮੁੰਦਰੀ ਰਸਤਿਆਂ ਦੀ ਵਰਤੋਂ ਕਰ ਕੇ ਪਰਵਾਸੀਆਂ ਦਾ ਸ਼ੋਸ਼ਣ ਕਰਨ ਵਿੱਚ ਤੇਜ਼ੀ ਨਾਲ ਸਰਗਰਮ ਹੋ ਰਹੇ ਹਨ। ਪੁਲੀਸ ਮੁਖੀ ਨੇ ਦੱਸਿਆ ਕਿ ਬਚਾਏ ਲੋਕਾਂ ਵਿੱਚੋਂ ਕੁਝ ਰੋਹਿੰਗਿਆ ਮੁਸਲਮਾਨ ਸਨ ਜੋ ਮੁੱਖ ਤੌਰ ’ਤੇ ਮਿਆਂਮਾਰ ਵਿੱਚ ਰਹਿੰਦੇ ਹਨ ਜਿੱਥੇ ਉਨ੍ਹਾਂ ਨੂੰ ਦਹਾਕਿਆਂ ਤੋਂ ਅੱਤਿਆਚਾਰ ਦਾ ਸਾਹਮਣਾ ਕਰਨਾ ਪਿਆ ਹੈ।
