ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੈਂਜਾਮਿਨ ਨੇਤਨਯਾਹੂ ਵੱਲੋਂ ਗਾਜ਼ਾ ’ਚ ਵੱਡੀ ਜੰਗ ਦਾ ਇਸ਼ਾਰਾ

ਇਜ਼ਰਾਈਲ ਦੇ ਸਾਬਕਾ ਫੌਜ ਤੇ ਖ਼ੁਫੀਆ ਮੁਖੀਆਂ ਨੇ ਇਤਰਾਜ਼ ਪ੍ਰਗਟਾਇਆ
ਫਲਸਤੀਨ ਦੇ ਸ਼ਹਿਰ ਬੈਥਲੇਹੈਮ ਵਿੱਚ ਇਕ ਫਲਸਤੀਨੀ ਇਮਾਰਤ ਨੂੰ ਢਾਹੁੰਦੀ ਹੋਈ ਜੇਸੀਬੀ ਮਸ਼ੀਨ ਨੇੜੇ ਤਾਇਨਾਤ ਇਜ਼ਰਾਇਲੀ ਫੌਜ ਦਾ ਇਕ ਵਾਹਨ। -ਫੋਟੋ: ਰਾਇਟਰਜ਼
Advertisement

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਤਬਾਹ ਹੋ ਚੁੱਕੇ ਗਾਜ਼ਾ ਵਿੱਚ ਹੋਰ ਵੱਡੀ ਫੌਜੀ ਕਾਰਵਾਈ ਕਰਨ ਦਾ ਸੰਕੇਤ ਦਿੱਤਾ ਹੈ। ਹਾਲਾਂਕਿ, ਇਜ਼ਰਾਈਲ ਦੇ ਸਾਬਕਾ ਫੌਜ ਅਤੇ ਖੁਫੀਆ ਮੁਖੀਆਂ ਨੇ ਲਗਪਗ 22 ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਹੈ। ਨੇਤਨਯਾਹੂ ’ਤੇ ਇਹ ਨਵਾਂ ਦਬਾਅ ਉਸ ਸਮੇਂ ਬਣਿਆ ਜਦੋਂ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਫ਼ਲਸਤੀਨ ਵਿੱਚ ਮੌਤਾਂ ਦੀ ਗਿਣਤੀ 61,000 ਤੋਂ ਪਾਰ ਹੋ ਪਹੁੰਚ ਚੁੱਕੀ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਭੋਜਨ ਵੰਡ ਕੇਂਦਰਾਂ ’ਤੇ ਖਾਣਾ ਲੈਣ ਪਹੁੰਚੇ ਭੁੱਖੇ ਫ਼ਲਸਤੀਨੀਆਂ ਦੀ ਮੌਤ ਹੋਈ ਹੈ। ਜਿਵੇਂ-ਜਿਵੇਂ ਨਿਰਾਸ਼ਾ ਵਧਦੀ ਜਾ ਰਹੀ ਹੈ, ਇਜ਼ਰਾਇਲੀ ਰੱਖਿਆ ਸੰਸਥਾ ਜੋ ਸਹਾਇਤਾ ਸਬੰਧੀ ਤਾਲਮੇਲ ਕਰ ਰਹੀ ਹੈ, ਨੇ ਸਹਾਇਤਾ ਵੰਡ ਵਿੱਚ ਸੁਧਾਰ ਲਈ ਸਥਾਨਕ ਵਪਾਰੀਆਂ ਨਾਲ ਇੱਕ ਸਮਝੌਤੇ ਦਾ ਐਲਾਨ ਕੀਤਾ ਹੈ।

ਵਿਰੋਧ ਕਰਨ ਵਾਲਿਆਂ ਵਿੱਚ ਇਜ਼ਰਾਈਲ ਦੀ ਸ਼ਿਨ ਬੇਟ (ਅੰਦਰੂਨੀ ਸੁਰੱਖਿਆ ਸੇਵਾ), ਮੋਸਾਦ (ਜਾਸੂਸੀ ਏਜੰਸੀ) ਅਤੇ ਫੌਜ ਦੇ ਸਾਬਕਾ ਮੁਖੀ ਅਤੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਏਹੁਦ ਬਰਾਕ ਵੀ ਸ਼ਾਮਲ ਸਨ। ਇਸ ਹਫ਼ਤੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਵੀਡੀਓ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਦੇ ਸੱਜੇ-ਪੱਖੀ ਮੈਂਬਰ ਸੰਘਰਸ਼ ਨੂੰ ਲੰਬਾ ਕਰ ਕੇ ਇਜ਼ਰਾਈਲ ਨੂੰ ‘ਬੰਦੀ’ ਬਣਾ ਰਹੇ ਹਨ। ਸ਼ਿਨ ਬੇਟ ਦੇ ਸਾਬਕਾ ਮੁਖੀ ਯੋਰਮ ਕੋਹੇਨ ਨੇ ਵੀਡੀਓ ਵਿੱਚ ਕਿਹਾ ਕਿ ਗਾਜ਼ਾ ਵਿੱਚ ਨੇਤਨਯਾਹੂ ਦੇ ਉਦੇਸ਼ ‘ਇੱਕ ਕਲਪਨਾ’ ਹਨ। ਉੱਧਰ, ਨੇਤਨਯਾਹੂ ਨੇ ਜੰਗ ਦੇ ਅਗਲੇ ਪੜਾਅ ਲਈ ਫੌਜ ਨੂੰ ਨਿਰਦੇਸ਼ ਦੇਣ ਵਾਸਤੇ ਆਪਣੀ ਸੁਰੱਖਿਆ ਕੈਬਨਿਟ ਦੀ ਮੀਟਿੰਗ ਸੱਦੀ, ਜਿਸ ਵਿੱਚ ਸੰਕੇਤ ਦਿੱਤਾ ਗਿਆ ਹੈ ਕਿ ਅੱਗੇ ਹੋਰ ਵੀ ਸਖ਼ਤ ਕਾਰਵਾਈ ਸੰਭਵ ਹੈ।

Advertisement

ਨੇਤਨਯਾਹੂ ਤੇ ਫੌਜ ਮੁਖੀ ਵਿਚਾਲੇ ਮਤਭੇਦਾਂ ਦੀਆਂ ਖ਼ਬਰਾਂ

ਇਜ਼ਰਾਇਲੀ ਮੀਡੀਆ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਫੌਜ ਦੇ ਮੁਖੀ ਲੈਫ਼ਟੀਨੈਂਟ ਜਨਰਲ ਇਆਲ ਜ਼ਮੀਰ ਵਿਚਾਲੇ ਅੱਗੇ ਦੀ ਕਾਰਵਾਈ ਨੂੰ ਲੈ ਕੇ ਮਤਭੇਦਾਂ ਦੀ ਰਿਪੋਰਟ ਦਿੱਤੀ ਹੈ। ਨੇਤਨਯਾਹੂ ਦੇ ਦਫ਼ਤਰ ਦੇ ਅਗਿਆਤ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਫੌਜ ’ਤੇ ਪੂਰੇ ਗਾਜ਼ਾ ’ਤੇ ਕਬਜ਼ਾ ਕਰਨ ਲਈ ਦਬਾਅ ਪਾ ਰਹੇ ਹਨ, ਜਿਸ ਦੇ ਤਿੰਨ ਚੌਥਾਈ ਹਿੱਸੇ ’ਤੇ ਪਹਿਲਾਂ ਹੀ ਫੌਜ ਦਾ ਕੰਟਰੋਲ ਹੈ। ਇਹ ਕਦਮ ਬੰਦੀਆਂ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ, ਮਾਨਵਤਾਵਾਦੀ ਸੰਕਟ ਨੂੰ ਹੋਰ ਡੂੰਘਾ ਕਰ ਸਕਦਾ ਹੈ ਅਤੇ ਕੌਮਾਂਤਰੀ ਪੱਧਰ ’ਤੇ ਇਜ਼ਰਾਈਲ ਨੂੰ ਹੋਰ ਅਲੱਗ-ਥਲੱਗ ਕਰ ਸਕਦਾ ਹੈ। ਰਿਪੋਰਟਾਂ ਅਨੁਸਾਰ, ਜ਼ਮੀਰ ਇਸ ਕਦਮ ਦਾ ਵਿਰੋਧ ਕਰ ਰਹੇ ਹਨ ਅਤੇ ਜੇਕਰ ਇਸ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਉਹ ਅਸਤੀਫ਼ਾ ਦੇ ਸਕਦੇ ਹਨ।

Advertisement