Bashar Assad: ਮੈਂ ਲੜਨਾ ਚਾਹੁੰਦਾ ਸੀ, ਪਰ ਰੂਸ ਨੇ ਮੈਨੂੰ ਆਪਣੇ ਫੌਜੀ ਬੇਸ ’ਚੋਂ ਬਾਹਰ ਕੱਢਿਆ: ਅਸਦ
ਦਮੱਸ਼ਕ, 16 ਦਸੰਬਰ
ਗੱਦੀਓਂ ਲਾਹੇ ਸੀਰੀਅਨ ਆਗੂ ਬਸ਼ਰ ਅਸਦ ਨੇ ਕਿਹਾ ਕਿ ਹਫ਼ਤਾ ਪਹਿਲਾਂ ਬਾਗ਼ੀ ਲੜਾਕਿਆਂ ਵੱਲੋਂ ਉਨ੍ਹਾਂ ਦੀ ਸਰਕਾਰ ਦੇ ਤਖ਼ਤਾ ਪਲਟ ਮਗਰੋਂ ਉਨ੍ਹਾਂ ਦੀ ਮੁਲਕ ਛੱਡਣ ਦੀ ਕੋਈ ਯੋਜਨਾ ਨਹੀਂ ਸੀ, ਪਰ ਪੱਛਮੀ ਸੀਰੀਆ ਵਿਚਲੇ ਰੂਸੀ ਬੇਸ ’ਤੇ ਹਮਲੇ ਮਗਰੋਂ ਰੂਸੀ ਫੌਜ ਨੇ ਉਨ੍ਹਾਂ ਨੂੰ ਉਥੋਂ ਕੱਢਿਆ। ਬਾਗ਼ੀਆਂ ਵੱਲੋਂ ਸੱਤਾ ਤੋਂ ਲਾਂਭੇ ਕੀਤੇ ਜਾਣ ਮਗਰੋਂ ਅਸਦ ਦੀ ਇਹ ਪਹਿਲੀ ਟਿੱਪਣੀ ਹੈ। ਅਸਦ ਨੇ ਆਪਣੇ ਫੇਸਬੁੱਕ ਪੇਜ ’ਤੇ ਇਕ ਬਿਆਨ ਵਿਚ ਕਿਹਾ ਕਿ ਬਾਗ਼ੀ ਲੜਾਕਿਆਂ ਦੇ ਰਾਜਧਾਨੀ ਵਿਚ ਦਾਖ਼ਲ ਹੋਣ ਮਗਰੋਂ 8 ਦਸੰਬਰ ਦੀ ਸਵੇਰ ਨੂੰ ਉਨ੍ਹਾਂ ਦਮੱਸ਼ਕ ਛੱਡ ਦਿੱਤਾ ਸੀ। ਇਸ ਦੌਰਾਨ ਉਹ ਲਤਾਕੀਆ ਵਿਚ ਰੂਸੀ ਬੇਸ ਉੱਤੇ ਮੌਜੂਦ ਰੂਸੀ ਭਾਈਵਾਲਾਂ ਦੇ ਲਗਾਤਾਰ ਸੰਪਰਕ ਵਿਚ ਸਨ। ਉਨ੍ਹਾਂ ਇਸ ਬੇਸ ਤੋਂ ਲੜਾਈ ਲੜਨ ਦੀ ਯੋਜਨਾ ਬਣਾਈ ਸੀ, ਪਰ ਬੇਸ ਕੈਂਪ ’ਤੇ ਡਰੋਨ ਹਮਲਿਆਂ ਮਗਰੋਂ ਰੂਸ ਨੇ ਉਨ੍ਹਾਂ ਨੂੰ 8 ਦਸੰਬਰ ਦੀ ਰਾਤ ਮਾਸਕੋ ਤਬਦੀਲ ਕਰਨ ਦਾ ਫੈਸਲਾ ਕੀਤਾ। ਅਸਦ ਨੇ ਕਿਹਾ, ‘‘ਮੈਂ ਕਿਸੇ ਯੋਜਨਾ ਤਹਿਤ ਦੇਸ਼ ਨਹੀਂ ਛੱਡਿਆ, ਜਿਵੇਂ ਕਿ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ।’’ -ਏਪੀ