Bangladesh ਪ੍ਰਦਰਸ਼ਨਾਂ ਦੌਰਾਨ ਕਤਲ: ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ
ਸ਼ੇਖ ਹਸੀਨਾ (78) ਬੰਗਲਾਦੇਸ਼ ਵਿੱਚ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੀ ਹੈ। ਪਿਛਲੇ ਸਾਲ ਅਗਸਤ ਵਿੱਚ ਦੇਸ਼ ਵਿੱਚ ਵੱਡੇ ਪੱਧਰ ’ਤੇ ਵਿਦਿਆਰਥੀਆਂ ਦੀ ਅਗਵਾਈ ਹੇਠ ਹੋਏ ਪ੍ਰਦਰਸ਼ਨਾਂ ਮਗਰੋਂ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਸੰਯੁਕਤ ਰਾਸ਼ਟਰ ਦੇ ਅਧਿਕਾਰ ਦਫ਼ਤਰ ਦੀ ਰਿਪੋਰਟ ਅਨੁਸਾਰ, ਪਿਛਲੇ ਸਾਲ 15 ਜੁਲਾਈ ਤੋਂ 15 ਅਗਸਤ ਦਰਮਿਆਨ ਹਸੀਨਾ ਸਰਕਾਰ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਸੁਰੱਖਿਆ ਕਾਰਵਾਈ ਦਾ ਹੁਕਮ ਦਿੱਤੇ ਜਾਣ ਕਾਰਨ 1,400 ਵਿਅਕਤੀ ਮਾਰੇ ਗਏ ਸਨ।
ਸਰਕਾਰੀ ਖ਼ਬਰ ਏਜੰਸੀ ਬੀ ਐੱਸ ਐੱਸ ਨੇ ਮੁੱਖ ਵਕੀਲ ਮੁਹੰਮਦ ਤਾਜੁਲ ਇਸਲਾਮ ਦੇ ਹਵਾਲੇ ਨਾਲ ਕਿਹਾ, ‘‘ਸ਼ੇਖ ਹਸੀਨਾ ਸਾਰੇ ਅਪਰਾਧਾਂ ਦੀ ਸਾਜ਼ਿਸ਼ਘਾੜਾ ਹੈ। ਉਹ ਪਛਤਾਵਾ ਨਾ ਕਰਨ ਵਾਲੀ ਬੇਰਹਿਮ ਅਪਰਾਧੀ ਹੈ। ਉਹ ਵੱਧ ਤੋਂ ਵੱਧ ਸਜ਼ਾ ਦੀ ਹੱਕਦਾਰ ਹੈ। ਮੌਤ ਦੀ ਸਜ਼ਾ ਦੇ ਮਾਮਲੇ ਵਿੱਚ ਉਸ ਪ੍ਰਤੀ ਕੋਈ ਰਹਿਮ ਨਹੀਂ ਦਿਖਾਉਣਾ ਚਾਹੀਦਾ।’’
ਉਨ੍ਹਾਂ ਕਿਹਾ, ‘‘1,400 ਵਿਅਕਤੀਆਂ ਦੀਆਂ ਹੱਤਿਆਵਾਂ ਲਈ ਉਸ ਨੂੰ 1,400 ਵਾਰ ਫਾਂਸੀ ਦਿੱਤੀ ਜਾਣੀ ਚਾਹੀਦੀ ਸੀ। ਕਿਉਂਕਿ ਇਹ ਸੰਭਵ ਨਹੀਂ, ਇਸ ਲਈ ਨਿਆਂਸੰਗਤ ਨਿਆਂ ਲਈ ਵੱਧ ਤੋਂ ਵੱਧ ਸਜ਼ਾ ਦੇਣਾ ਸਹੀ ਹੈ, ਤਾਂ ਜੋ ਭਵਿੱਖ ਵਿੱਚ ਕੋਈ ਵੀ ਆਪਣੇ ਦੇਸ਼ ਦੇ ਹੀ ਨਾਗਰਿਕਾਂ ਦੀ ਇਸ ਤਰ੍ਹਾਂ ਹੱਤਿਆ ਨਾ ਕਰ ਸਕੇ।’’ ਹਾਲਾਂਕਿ, ਹਸੀਨਾ ਦੇ ਸਮਰਥਕਾਂ ਨੇ ਕਿਹਾ ਕਿ ਇਹ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ। ਇਸ ਸਬੰਧੀ ਹਸੀਨਾ ਜਾਂ ਉਸ ਦੀ ਪਾਰਟੀ ਵੱਲੋਂ ਕੋਈ ਟਿੱਪਣੀ ਨਹੀਂ ਆਈ।