ਆਸਟਰੇਲੀਆ: ਆਵਾਸ ’ਤੇ ਰੋਕ ਲਾਉਣ ਦੀ ਮੰਗ ਲਈ ਰੈਲੀਆਂ
ਸਿਡਨੀ ਵਿੱਚ ਆਵਾਸ ਵਿਰੋਧੀ ਰੈਲੀ ਨੂੰ ਸੰਬੋਧਨ ਕਰਦਿਆਂ ਆਗੂ ਮਾਈਕਲ ਬਰਾਊਨ ਨੇ ਕਿਹਾ ਕਿ ਸਰਕਾਰ ਵੋਟ ਬੈਂਕ ਨੂੰ ਦੇਖ ਕੇ ਨਵੇਂ ਆਵਾਸੀਆਂ ਨੂੰ ਆਉਣ ਦੀ ਖੁੱਲ੍ਹ ਦੇ ਰਹੀ ਹੈ, ਜਿਸ ਨਾਲ ਆਸਟਰੇਲੀਆ ਦਾ ਬੁਨਿਆਦੀ ਢਾਂਚਾ ਪੁਰੀ ਤਰ੍ਹਾਂ ਨਾਲ ਲੀਹਾਂ ਤੋਂ ਲੱਥ ਗਿਆ ਹੈ। ਮਕਾਨਾਂ ਦੀ ਥੁੜ ਕਾਰਨ ਵੱਧ ਕਿਰਾਇਆ, ਬੇਰੁਜ਼ਗਾਰੀ ’ਚ ਵਾਧਾ, ਸੜਕਾਂ ’ਤੇ ਆਵਾਜਾਈ, ਜਨਤਕ ਰੇਲ-ਬੱਸਾਂ ਵਿੱਚ ਭੀੜ ਅਤੇ ਮਹਿੰਗਾਈ ਤੋਂ ਇਲਾਵਾ ਆਸਟਰੇਲੀਆ ਦੇ ਰਹਿਣ-ਸਹਿਣ ਦੇ ਮਾਪਦੰਡ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਆਉਣ ਵਾਲੇ ਪੰਜ ਸਾਲ ਨਵੇਂ ਪਰਵਾਸੀਆਂ ਦੀ ਆਮਦ ’ਤੇ ਰੋਕ ਲਾ ਕੇ ਮੁਲਕ ਦੀ ਦਸ਼ਾ ਤੇ ਦਿਸ਼ਾ ਬਦਲੀ ਜਾਵੇ।
ਜਦੋਂ ਕਿ ਦੂਜੇ ਪਾਸੇ ਇੱਥੇ ਵੱਸਦੇ ਪਰਵਾਸੀਆਂ ਨੇ ਆਵਾਸ ਨੂੰ ਵਧਾਉਣ, ਨਸਲੀ ਵਿਤਕਰੇ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਆਸਟਰੇਲੀਆ ਦੀ ਬੁਨਿਆਦ ਹੀ ਆਵਾਸ ਨਾਲ ਜੁੜੀ ਹੈ, ਕਿਸੇ ਨੂੰ ਪਰਵਾਸੀ ਕਹਿ ਕੇ ਪੱਖਪਾਤ ਤੇ ਨਸਲੀ ਵਿਤਕਰਾ ਕਰਨਾ ਕਾਨੂੰਨ ਦੀ ਉਲੰਘਣਾ ਹੈ ।
ਆਸਟਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬੁਰਕ ਨੇ ਸਪੱਸ਼ਟ ਕਿਹਾ ਕਿ ਆਵਾਸ ਦੀ ਗਿਣਤੀ ਪਹਿਲੋਂ ਨਾਲ ਘੱਟ ਹੈ। ਇਹ ਕੇਵਲ ਲੋੜ ਅਤੇ ਮੰਗ ’ਤੇ ਆਧਾਰਿਤ ਹੈ। ਉਨ੍ਹਾਂ ਆਵਾਸ ਵਿਰੋਧੀ ਰੈਲੀਆਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਸਤੰਬਰ ਵਿੱਚ ਸਰਕਾਰ ਨੇ ਐਲਾਨ ਕੀਤਾ ਸੀ ਕਿ ਸਾਲ 2025-26 ਵਿੱਚ 185,000 ਸਥਾਈ ਵੀਜ਼ੇ ਉਪਲਬਧ ਕਰਵਾਏ ਜਾਣਗੇ, ਜਿਸ ਨਾਲ ਦਰਾਂ ਪਿਛਲੇ ਵਿੱਤੀ ਸਾਲ ਤੋਂ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ ਪਰ ਇਹ ਗਿਣਤੀ ਕੋਵਿਡ ਮਹਾਮਾਰੀ ਤੋਂ ਬਾਅਦ ਵਧ ਰਹੀਆਂ ਲੋੜਾਂ ਨਾਲੋਂ ਬਹੁਤ ਘੱਟ ਹੈ।