ਆਸਟਰੇਲੀਆ: ਫਲਸਤੀਨ ’ਚ ਹੋ ਰਹੇ ਮਨੁੱਖੀ ਘਾਣ ਖ਼ਿਲਾਫ਼ ਮੁਜ਼ਾਹਰੇ
ਆਸਟਰੇਲੀਆ ਦੇ ਕਈ ਸ਼ਹਿਰਾਂ ਵਿੱਚ ਅੱਜ ਫਲਸਤੀਨ ਦੇ ਹੱਕ ਵਿੱਚ ਮੁਜ਼ਾਹਰੇ ਕੀਤੇ ਗਏ। ਇਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਮੈਲਬਰਨ ਅਤੇ ਸਿਡਨੀ ਵਰਗੇ ਪ੍ਰਮੁੱਖ ਸ਼ਹਿਰਾਂ ਵਿੱਚ ਹੋਏ ਇਨ੍ਹਾਂ ਇਕੱਠਾਂ ਨੇ ਸਿਆਸੀ ਹਲਕਿਆਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।
ਕੇਂਦਰੀ ਮੈਲਬਰਨ ਵਿੱਚ ਪ੍ਰਦਰਸ਼ਨਕਾਰੀਆਂ ਨੇ ਗਾਜ਼ਾ ਵਿੱਚ ਮਾਰੇ ਜਾ ਰਹੇ ਆਮ ਨਾਗਰਿਕਾਂ ਅਤੇ ਭੁੱਖਮਰੀ ਕਾਰਨ ਹੋ ਰਹੀਆਂ ਮੌਤਾਂ ਬਾਰੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਇਸ ਮਾਮਲੇ ’ਤੇ ਆਵਾਜ਼ ਚੁੱਕਣ ਦੀ ਅਪੀਲ ਕੀਤੀ। ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿੱਚ ਫਲਸਤੀਨ ਦੇ ਝੰਡੇ ਅਤੇ ਇਜ਼ਰਾਈਲ ’ਤੇ ਪਾਬੰਦੀਆਂ ਲਾਉਣ, ਭੁੱਖਮਰੀ ਰੋਕਣ ਅਤੇ ਖਿੱਤੇ ਨੂੰ ਮਾਨਤਾ ਦੇਣ ਦੀਆਂ ਮੰਗਾਂ ਵਾਲੇ ਬੈਨਰ ਚੁੱਕੇ
ਹੋਏ ਸਨ।
ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਸਰਕਾਰ ਅਤੇ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਵੱਲੋਂ ਕੋਈ ਠੋਸ ਕਦਮ ਨਾ ਚੁੱਕੇ ਜਾਣ ਦੇ ਰੋਸ ਵਜੋਂ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹਨ। ਉਹ ਇਹ ਮਨੁੱਖੀ ਤਰਾਸਦੀ ਤੁਰੰਤ ਰੁਕਵਾਉਣਾ ਚਾਹੁੰਦੇ ਹਨ। ਇਨ੍ਹਾਂ ਧਰਨਿਆਂ ਵਿੱਚ ਆਸਟਰੇਲੀਅਨ ਲੇਖਕ ਜੂਲੀਅਨ ਅਸਾਂਜ, ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਅਤੇ ਗਰੀਨ ਪਾਰਟੀ ਸਮੇਤ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਹਿੱਸਾ ਲਿਆ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਆਸਟਰੇਲੀਆ ਸਰਕਾਰ ਨੇ ਇਜ਼ਰਾਈਲ ਅਤੇ ਯਹੂਦੀਆਂ ਖ਼ਿਲਾਫ਼ ਕੀਤੀਆਂ ਜਾਂਦੀਆਂ ਟਿੱਪਣੀਆਂ, ਧਰਨਿਆਂ ਅਤੇ ਭੜਕਾਊ ਕਾਰਵਾਈਆਂ ਨੂੰ ਰੋਕਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਸਨ। ਸਰਕਾਰ ਨੇ ਇਹ ਵੀ ਕਿਹਾ ਸੀ ਕਿ ਜੇ ਵਿਦਿਅਕ ਅਦਾਰੇ ਅਜਿਹੀਆਂ ਕਾਰਵਾਈਆਂ ਨਹੀਂ ਰੋਕਦੇ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।