ਆਸਟਰੇਲੀਆ: ਨਸਲਵਾਦ ਤੇ ਫਾਸ਼ੀਵਾਦ ਖ਼ਿਲਾਫ਼ ਸੜਕਾਂ ’ਤੇ ਨਿੱਤਰੇ ਲੋਕ
ਆਸਟਰੇਲੀਆ ਵਿੱਚ ਵੱਡੇ ਪੱਧਰ ’ਤੇ ਲੋਕ ਨਸਲਵਾਦ ਤੇ ਫਾਸ਼ੀਵਾਦ ਖ਼ਿਲਾਫ਼ ਸੜਕਾਂ ’ਤੇ ਨਿੱਤਰ ਆਏ। ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਬ੍ਰਿਸਬਨ ਵਿੱਚ ‘ਕੈਂਪੇਨ ਅਗੇਂਸਟ ਰੇਸਿਜ਼ਮ ਐਂਡ ਫਾਸ਼ਿਜ਼ਮ’ ਵੱਲੋਂ ਨਸਲਵਾਦ ਅਤੇ ਫਾਸ਼ੀਵਾਦ ਖ਼ਿਲਾਫ਼ ਪ੍ਰਦਰਸ਼ਨ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਇਹ ਪ੍ਰਦਰਸ਼ਨ ਕੌਮੀ ਪੱਧਰੀ ‘ਨੈਸ਼ਨਲ ਡੇਅ ਆਫ ਐਕਸ਼ਨ ਅਗੇਂਸਟ ਰੇਸਿਜ਼ਮ ਐਂਡ ਫਾਸ਼ਿਜ਼ਮ’ ਦਾ ਹਿੱਸਾ ਸੀ। ਬ੍ਰਿਸਬਨ ਵਿੱਚ ਇਹ ਰੈਲੀ ਕਿੰਗ ਜੌਰਜ ਸਕੁਏਅਰ ਵਿਖੇ ਦੁਪਹਿਰ 12 ਵਜੇ ਸ਼ੁਰੂ ਹੋਈ। ਪ੍ਰਦਰਸ਼ਨਕਾਰੀਆਂ ਵਿੱਚ ਮੂਲ ਵਾਸੀ, ਫਲਸਤੀਨ ਸਮਰਥਕ ਅਤੇ ਵੱਖ-ਵੱਖ ਕੌਮੀ ਪਿਛੋਕੜਾਂ ਵਾਲੇ ਨਾਗਰਿਕ ਸ਼ਾਮਲ ਸਨ। ਉਨ੍ਹਾਂ ਨਸਲਵਾਦ, ਨਫ਼ਰਤੀ ਭਾਸ਼ਣਾਂ ਅਤੇ ਫਾਸ਼ੀਵਾਦੀ ਵਿਚਾਰਧਾਰਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੈਲੀ ਦੌਰਾਨ ਬੁਲਾਰਿਆਂ ਨੇ ਆਸਟਰੇਲੀਆ ਵਿੱਚ ਵਧ ਰਹੇ ਨਸਲੀ ਵਿਤਕਰੇ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਸਰਕਾਰ ਤੋਂ ਹਰ ਪੱਧਰ ਦੇ ਨਸਲਵਾਦ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਰੈਲੀ ਨੂੰ ਮੂਲ ਨਿਵਾਸੀ ਬੁਲਾਰੇ ਅੰਕਲ ਵੇਨ ਵਾਰਟਨ ਨੇ ਵੀ ਸੰਬੋਧਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਤਖ਼ਤੀਆਂ ਅਤੇ ਬੈਨਰ ਚੁੱਕੇ ਹੋਏ ਸਨ ਜਿਨ੍ਹਾਂ ’ਤੇ ‘ਨਸਲਵਾਦ ਰੋਕੋ’, ‘ਏਕਤਾ ਵਿੱਚ ਤਾਕਤ’ ਅਤੇ ‘ਆਜ਼ਾਦ ਫਲਸਤੀਨ’ ਵਰਗੇ ਨਾਅਰੇ ਲਿਖੇ ਹੋਏ ਸਨ। ਮੈਲਬਰਨ ਵਿੱਚ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਵਿੱਚ ਪੰਜ ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਆਸਟਰੇਲੀਆ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ‘ਆਸਟਰੇਲੀਆ ਯੂਨਾਈਟਸ ਅਗੇਂਸਟ ਗਵਰਨਮੈਂਟ ਕਰੱਪਸ਼ਨ’ ਅਤੇ ਸੱਜੇ ਪੱਖੀ ਰਾਸ਼ਟਰਵਾਦੀ ਗਰੁੱਪਾਂ ਵੱਲੋਂ ਵੀ ਰੈਲੀਆਂ ਕੀਤੀਆਂ ਗਈਆਂ। ਹਾਲਾਂਕਿ, ਝੜਪਾਂ ਦੀਆਂ ਸੰਭਾਵਨਾਵਾਂ ਦੇ ਬਾਵਜੂਦ ਬ੍ਰਿਸਬਨ ਵਿੱਚ ਪ੍ਰਦਰਸ਼ਨ ਸ਼ਾਂਤੀਪੂਰਵਕ ਰਿਹਾ। ਸਿਆਸੀ ਪਾਰਟੀਆਂ ਵਿੱਚ ਹੁਕਮਰਾਨ ਲੇਬਰ ਨੇ ਕਿਹਾ ਕਿ ਨਸਲਵਾਦ ਅਤੇ ਫਾਸ਼ੀਵਾਦ ਨੂੰ ਰੋਕਣ ਲਈ ਸਾਰੇ ਭਾਈਚਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਲਿਬਰਲ-ਨੈਸ਼ਨਲ ਕੁਲੀਸ਼ਨ (ਵਿਰੋਧੀ ਪਾਰਟੀ) ਨੇ ਨਸਲਵਾਦ ਦੀ ਨਿਖੇਧੀ ਕੀਤੀ। ਹਾਲਾਂਕਿ, ਪਰਵਾਸ ਵਿਰੋਧੀ ਰੈਲੀਆਂ ਨਾਲ ਜੁੜੇ ਮੁੱਦਿਆਂ ’ਤੇ ਚੁੱਪ ਰਹੀ। ਗਰੀਨ ਪਾਰਟੀ ਨੇ ਪ੍ਰਦਰਸ਼ਨ ਨੂੰ ਵਿਆਪਕ ਸਮਰਥਨ ਦਿੱਤਾ। ਉੱਧਰ, ਵਨ ਨੇਸ਼ਨ ਪਾਰਟੀ (ਫਾਰ-ਰਾਈਟ) ਨੇ ਨਸਲਵਾਦ ਵਿਰੋਧੀ ਪ੍ਰਦਰਸ਼ਨ ਦੀ ਨਿਖੇਧੀ ਕੀਤੀ ਅਤੇ ਐਂਟੀ-ਇਮੀਗ੍ਰੇਸ਼ਨ ਰੈਲੀਆਂ ਦਾ ਸਮਰਥਨ ਕੀਤਾ।