Australia News ਟਰੰਪ ਵੱਲੋਂ ਸਟੀਲ, ਐਲੁਮੀਨੀਅਮ ’ਤੇ ਲਾਏ 25 ਫੀਸਦ ਟੈਕਸ ’ਤੇ ਆਸਟਰੇਲੀਆ ਨੂੰ ਇਤਰਾਜ਼
ਗੁਰਚਰਨ ਸਿੰਘ ਕਾਹਲੋਂ
ਸਿਡਨੀ,11ਫਰਵਰੀ
ਆਸਟਰੇਲੀਆ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸਟੀਲ, ਐਲੁਮੀਨੀਅਮ, ਲੋਹੇ, ਇਸਪਾਤ ਦੀਆਂ ਦਰਾਮਦਾਂ ’ਤੇ 25 ਫੀਸਦ ਟੈਕਸ ਲਗਾਉਣ ਉੱਤੇ ਇਤਰਾਜ਼ ਜਤਾਇਆ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਸ ਸਬੰਧੀ ਟਰੰਪ ਨਾਲ ਫੋਨ ’ਤੇ ਗੱਲ ਵੀ ਕੀਤੀ ਹੈ। ਗੱਲਬਾਤ ਦੇ ਵੇਰਵੇ ਅਜੇ ਪੂਰੀ ਤਰ੍ਹਾਂ ਬਾਹਰ ਨਹੀਂ ਆਏ ਹਨ।
ਆਸਟਰੇਲੀਆ ਨੇ ਸਾਲ 2023 ਵਿਚ 378 ਮਿਲੀਅਨ ਡਾਲਰ ਦੀ ਸਟੀਲ ਤੇ ਲੋਹਾ ਅਮਰੀਕਾ ਨੂੰ ਬਰਾਮਦ ਕੀਤਾ ਹੈ। ਹੁਣ ਅਮਰੀਕਾ ਵੱਲੋਂ ਟੈਕਸ ਲਾਉਣ ਦੇ ਫ਼ੈਸਲੇ ਨੂੰ ਆਸਟਰੇਲੀਆ ਦੇ ਆਰਥਿਕ ਮਾਹਿਰਾਂ ਨੇ ਮੁਲਕ ਦੀ ਸਨਅਤ ਲਈ ਖ਼ਤਰੇ ਦੀ ਘੰਟੀ ਦੱਸਿਆ ਹੈ।
ਮਾਹਿਰਾਂ ਦੀ ਰਿਪੋਰਟ ਅਨੁਸਾਰ ਅਲਬਨੀਜ਼ ਨੇ ਆਸਟਰੇਲੀਆ ਨੂੰ ਟੈਕਸ ਤੋਂ ਛੋਟ ਦੇਣ ਲਈ ਅਮਰੀਕੀ ਸਦਰ ਨੂੰ ਗੁਜ਼ਾਰਿਸ਼ ਕੀਤੀ ਹੈ। ਅਲਬਾਨੀਜ਼ ਨੇ ਸੰਕੇਤ ਦਿੱਤਾ ਹੈ ਕਿ ਟਰੰਪ ਨਾਲ ਸਕਾਰਾਤਮਕ ਤੇ ਨਿੱਘੇ ਮਾਹੌਲ ’ਚ ਚਰਚਾ ਹੋਈ ਅਤੇ ਲੱਗੇ ਟੈਕਸ ’ਤੇ ਮੁੜ ਵਿਚਾਰ ਦਾ ਭਰੋਸਾ ਮਿਲਿਆ ਹੈ।
ਅਲਬਨੀਜ਼ ਨੇ ਕਿਹਾ, ‘‘ਆਸਟਰੇਲੀਆ ਤੇ ਅਮਰੀਕਾ ਚੰਗੇ ਭਾਈਵਾਲ਼ ਹਨ ਤੇ ਅਸੀਂ ਇਸ ਨੂੰ ਕੂਟਨੀਤਕ ਢੰਗ ਨਾਲ ਹੱਲ ਕਰ ਲਵਾਂਗੇ।’’ ਟਰੰਪ ਦੇ ਰਾਸ਼ਟਰਪਤੀ ਬਣਨ ’ਤੇ ਵਧਾਈ ਦੇਣ ਤੋਂ ਬਾਅਦ ਅਲਬਨੀਜ਼ ਦੀ ਅਮਰੀਕੀ ਸਦਰ ਨਾਲ ਫ਼ੋਨ ਉੱਤੇ ਇਹ ਦੂਜੀ ਗੱਲਬਾਤ ਹੈ।