ਆਸਟਰੇਲੀਆ: ਮੈਟਾ ਦੀ ਅੱਲ੍ਹੜਾਂ ਨੂੰ ਚਿਤਾਵਨੀ
ਤਕਨੀਕੀ ਖੇਤਰ ਦੀ ਕੰਪਨੀ ਮੈਟਾ ਨੇ ਅੱਜ ਆਸਟਰੇਲੀਆ ਦੇ ਹਜ਼ਾਰਾਂ ਅੱਲ੍ਹੜ ਵਰਤੋਂਕਾਰਾਂ ਨੂੰ ਦੋ ਹਫ਼ਤਿਆਂ ਅੰਦਰ ਆਪਣੀ ਡਿਜੀਟਲ ‘ਹਿਸਟਰੀ’ ਡਾਊਨਲੋਡ ਕਰਨ ਅਤੇ ਫੇਸਬੁੱਕ, ਇੰਸਟਾਗ੍ਰਾਮ ਤੇ ਥਰੈਡਜ਼ ਤੋਂ ਆਪਣਾ ਖਾਤਾ ਹਟਾਉਣ ਦੀ ਚਿਤਾਵਨੀ ਭੇਜਣੀ ਸ਼ੁਰੂ ਕਰ ਦਿੱਤੀ ਹੈ। ਇਹ ਕਦਮ ਦੁਨੀਆ ’ਚ ਪਹਿਲੀ ਵਾਰ ਲਾਗੂ ਉਸ ਸੋਸ਼ਲ ਮੀਡੀਆ ਪਾਬੰਦੀ ਤੋਂ ਪਹਿਲਾਂ ਚੁੱਕਿਆ ਗਿਆ ਹੈ ਜਿਸ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤੇ ਬੰਦ ਕੀਤੇ ਜਾਣਗੇ। ਆਸਟਰੇਲੀਆ ਸਰਕਾਰ ਨੇ ਦੋ ਹਫ਼ਤੇ ਪਹਿਲਾਂ ਐਲਾਨ ਕੀਤਾ ਸੀ ਕਿ ਮੈਟਾ ਦੇ ਤਿੰਨ ਮੰਚਾਂ ਫੇਸਬੁੱਕ, ਇੰਸਟਾਗ੍ਰਾਮ, ਥਰੈਡਜ਼ ਦੇ ਨਾਲ ਹੀ ਸਨੈਪਚੈਟ, ਟਿਕਟਾਕ, ਐਕਸ ਅਤੇ ਯੂਟਿਊਬ ਨੂੰ ਵੀ 10 ਦਸੰਬਰ ਤੋਂ 16 ਸਾਲ ਤੋਂ ਘੱਟ ਉਮਰ ਦੇ ਆਸਟਰੇਲਿਆਈ ਖਾਤਾਧਾਰਕਾਂ ਨੂੰ ਹਟਾਉਣ ਲਈ ਕਦਮ ਚੁੱਕਣੇ ਪੈਣਗੇ। ਕੈਲੀਫੋਰਨੀਆ ਸਥਿਤ ਮੈਟਾ ਨੇ ਅੱਜ ਅੱਲ੍ਹੜ ਖਾਤਾਧਾਰਕਾਂ ਨੂੰ ਐੱਸ ਐੱਮ ਐੱਸ ਤੇ ਈਮੇਲ ਭੇਜ ਕੇ ਚਿਤਾਵਨੀ ਦਿੱਤੀ ਕਿ ਚਾਰ ਦਸੰਬਰ ਤੋਂ ਸ਼ੱਕੀ ਅੱਲ੍ਹੜ ਵਰਤੋਂਕਾਰਾਂ ਦੀ ਇਨ੍ਹਾਂ ਮੰਚਾਂ ਤੱਕ ਪਹੁੰਚ ਰੋਕ ਦਿੱਤੀ ਜਾਵੇਗੀ। ਮੈਟਾ ਨੇ ਕਿਹਾ, ‘‘ਅਸੀਂ ਅੱਜ ਤੋਂ ਅੱਲ੍ਹੜਾਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਰਹੇ ਹਾਂ ਤਾਂ ਜੋ ਉਹ ਆਪਣੇ ਸੰਪਰਕ ਤੇ ਯਾਦਾਂ ਸੁਰੱਖਿਅਤ ਕਰ ਸਕਣ।’’ ਮੈਟਾ ਨੇ ਇਹ ਵੀ ਕਿਹਾ ਕਿ ਇਸ ਮਿਆਦ ਦੌਰਾਨ ਨਾਬਾਲਗ ਵਰਤੋਂਕਾਰ ਆਪਣੀ ਸੰਪਰਕ ਜਾਣਕਾਰੀ ਅਪਡੇਟ ਕਰ ਸਕਦੇ ਹਨ ਤਾਂ ਜੋ 16 ਸਾਲ ਦੇ ਹੋਣ ’ਤੇ ਉਹ ਆਪਣਾ ਖਾਤਾ ਅਸਾਨੀ ਨਾਲ ਮੁੜ ਚਲਾ ਸਕਣ। ਕੰਪਨੀ ਦਾ ਅਨੁਮਾਨ ਹੈ ਕਿ ਇੰਸਟਾਗ੍ਰਾਮ ’ਤੇ 13-15 ਸਾਲ ਦੇ 3.5 ਲੱਖ ਤੇ ਫੇਸਬੁੱਕ ’ਤੇ 1.5 ਲੱਖ ਆਸਟਰੇਲਿਆਈ ਵਰਤੋਂਕਾਰ ਹਨ।
