ਆਸਟਰੇਲੀਆ ਨੇ ਤਹਿਰਾਨ ਨਾਲ ਕੂਟਨੀਤਕ ਸਬੰਧ ਤੋੜੇ
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਰਾਨ ’ਤੇ ਆਸਟਰੇਲੀਆ ’ਚ ਦੋ ਯਹੂਦੀ ਵਿਰੋਧੀ ਹਮਲਿਆਂ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਤੇ ਕਿਹਾ ਕਿ ਇਸ ਦੇ ਜਵਾਬ ’ਚ ਉਨ੍ਹਾਂ ਦਾ ਦੇਸ਼ ਤਹਿਰਾਨ ਨਾਲ ਕੂਟਨੀਤਕ ਸਬੰਧ ਖਤਮ ਕਰ ਰਿਹਾ ਹੈ।
ਅਲਬਨੀਜ਼ ਨੇ ਕਿਹਾ ਕਿ ਆਸਟਰੇਲਿਆਈ ਸੁਰੱਖਿਆ ਖੁਫੀਆ ਸੰਗਠਨ (ਏਐੱਸਆਈਓ) ਨੇ ਨਤੀਜਾ ਕੱਢਿਆ ਹੈ ਕਿ ਇਰਾਨ ਸਰਕਾਰ ਨੇ ਪਿਛਲੇ ਸਾਲ ਅਕਤੂਬਰ ’ਚ ਸਿਡਨੀ ’ਚ ਕੋਸ਼ੇਰ (ਯਹੂਦੀ ਧਾਰਮਿਕ ਕਾਨੂੰਨਾਂ ਅਨੁਸਾਰ ਤਿਆਰ ਕੀਤਾ ਗਿਆ ਭੋਜਨ) ਖੁਰਾਕ ਕੰਪਨੀ ‘ਲੁਈ ਕਾਂਟੀਨੈਂਟਲ ਕਿਚਨ’ ਅਤੇ ਪਿਛਲੇ ਸਾਲ ਦਸੰਬਰ ਵਿੱਚ ਮੈਲਬਰਨ ’ਚ ਅਦਸ ਇਜ਼ਰਾਈਲ ਪ੍ਰਾਰਥਨਾ ਘਰ ’ਤੇ ਹਮਲੇ ਦਾ ਨਿਰਦੇਸ਼ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਇਸ ਐਲਾਨ ਤੋਂ ਕੁਝ ਸਮਾਂ ਪਹਿਲਾਂ ਆਸਟਰੇਲੀਆ ਸਰਕਾਰ ਨੇ ਦੇਸ਼ ’ਚ ਇਰਾਨ ਦੇ ਰਾਜਦੂਤ ਅਹਿਮਦ ਸਾਦੇਗੀ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਮੁਲਕ ’ਚੋਂ ਕੱਢਿਆ ਜਾਵੇਗਾ। ਇਰਾਨ ਸਰਕਾਰ ਵੱਲੋਂ ਇਸ ’ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਆਸਟਰੇਲਿਆਈ ਖੁਫੀਆ ਏਜੰਸੀ ਦਾ ਕਹਿਣਾ ਹੈ ਕਿ ਅੱਗਜ਼ਨੀ ਦੇ ਹਮਲਿਆਂ ਪਿੱਛੇ ਇਰਾਨ ਦਾ ਹੱਥ ਸੀ। 2023 ’ਚ ਇਜ਼ਰਾਈਲ-ਹਮਾਸ ਜੰਗ ਸ਼ੁਰੂ ਹੋਣ ਮਗਰੋਂ ਸਿਡਨੀ ਤੇ ਮੈਲਬਰਨ ’ਚ ਯਹੂਦੀਆਂ ਖ਼ਿਲਾਫ਼ ਵਾਪਰੀਆਂ ਘਟਨਾਵਾਂ ’ਚ ਭਾਰੀ ਵਾਧਾ ਹੋਇਆ ਹੈ।