ਰੂਸ ਨੂੰ ਤੇਲ ਵੇਚਣ ਤੋਂ ਰੋਕਣ ਲਈ ਰਿਫਾਇਨਰੀਆਂ ’ਤੇ ਹਮਲੇ
ਯੂਕਰੇਨ ਦੇ ਲੰਮੀ ਦੂਰੀ ਦੇ ਡਰੋਨਾਂ ਨੇ ਰੂਸ ਦੇ ਵੋਲਗੋਗ੍ਰਾਦ ਖ਼ਿੱਤੇ ’ਚ ਵੱਡੀ ਤੇਲ ਰਿਫਾਇਨਰੀ ’ਤੇ ਹਮਲਾ ਕਰ ਕੇ ਉਸ ਨੂੰ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਹੈ। ਬੀਤੇ ਤਿੰਨ ਮਹੀਨਿਆਂ ’ਚ ਇਹ ਦੂਜੀ ਵਾਰ ਹੈ ਜਦੋਂ ਇਕ ਹੋਰ ਰਿਫਾਇਨਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਰੂਸ ਨੂੰ ਤੇਲ ਵੇਚਣ ਤੋਂ ਰੋਕਣ ਲਈ ਯੂਕਰੇਨ ਲੰਬੀ ਦੂਰੀ ਦੇ ਡਰੋਨਾਂ ਦੀ ਵਰਤੋਂ ਕਰ ਕੇ ਰਿਫਾਇਨਰੀਆਂ ’ਤੇ ਹਮਲੇ ਕਰ ਰਿਹਾ ਹੈ। ਉਧਰ ਰੂਸ, ਯੂਕਰੇਨ ਦੇ ਪਾਵਰ ਗਰਿੱਡਾਂ ਨੂੰ ਢਾਹ ਲਗਾ ਰਿਹਾ ਹੈ ਤਾਂ ਜੋ ਲੋਕ ਬਿਜਲੀ ਅਤੇ ਪਾਣੀ ਦੀ ਕਿੱਲਤ ਮਹਿਸੂਸ ਕਰ ਸਕਣ। ਕੀਵ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸ ਵੱਲੋਂ ਸਰਦੀਆਂ ਦੇ ਮੌਸਮ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਗਰਿੱਡ ਚਾਲੂ ਰੱਖਣ ਲਈ ਹੋਰ ਮੁਲਕ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ। ਯੂਕਰੇਨੀ ਫੌਜ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਰੂਸ ਦੇ ਕਬਜ਼ੇ ਵਲੇ ਕ੍ਰੀਮੀਆ ਖ਼ਿੱਤੇ ’ਚ ਤਿੰਨ ਲੁਬਰੀਕੈਂਟ ਉਤਪਾਦਨ ਵਾਲੇ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤੋਂ ਇਲਾਵਾ ਪੂਰਬੀ ਦੋਨੇਤਸਕ ਖ਼ਿੱਤੇ ’ਚ ਰੂਸੀ ਸ਼ਾਹਿਦ ਡਰੋਨ ਭੰਡਾਰਨ ਅਤੇ ਅਸੈਂਬਲੀ ਬੇਸ ’ਤੇ ਵੀ ਹਮਲਾ ਕੀਤਾ ਗਿਆ ਹੈ। ਗਵਰਨਰ ਸਰਗੇਈ ਸਿਤਨਿਕੋਵ ਨੇ ਕਿਹਾ ਕਿ ਮਾਸਕੋ ਦੇ ਉੱਤਰ-ਪੂਰਬੀ ਕੋਸਤਰੋਮਾ ਖ਼ਿੱਤੇ ’ਤੇ ਯੂਕਰੇਨ ਦਾ ਹਵਾਈ ਹਮਲਾ ਹੋਇਆ ਹੈ ਪਰ ਇਸ ’ਚ ਨਾ ਕੋਈ ਜਾਨੀ ਨੁਕਸਾਨ ਹੋਇਆ ਅਤੇ ਨਾ ਹੀ ਬਿਜਲੀ ਸਪਲਾਈ ’ਚ ਕੋਈ ਅੜਿੱਕਾ ਪਿਆ ਹੈ। ਅਪੁਸ਼ਟ ਰਿਪੋਰਟਾਂ ਮੁਤਾਬਕ ਰੂਸ ਦੇ ਵੱਡੇ ਪਲਾਂਟਾਂ ’ਚੋਂ ਇਕ ਹਾਈਡਰੋਇਲੈਕਟ੍ਰਿਕ ਪਾਵਰ ਪਲਾਂਟ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਧਰ, ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਨੇ 75 ਡਰੋਨ ਡੇਗੇ ਹਨ। ਰੂਸ ਨੇ ਪੂਰਬੀ ਦਿਨਪ੍ਰੋਪੇਤਰੋਵਸਕ ਖ਼ਿੱਤੇ ਦੇ ਕਾਮਿਆਂਸਕੇ ਸ਼ਹਿਰ ’ਤੇ ਹਮਲਾ ਕੀਤਾ ਜਿਸ ’ਚ ਅੱਠ ਵਿਅਕਤੀ ਜ਼ਖ਼ਮੀ ਹੋ ਗਏ। ਹਮਲੇ ਕਾਰਨ ਕਈ ਥਾਵਾਂ ’ਤੇ ਅੱਗਾਂ ਲੱਗ ਗਈਆਂ ਅਤੇ ਚਾਰ ਮੰਜ਼ਿਲਾ ਇਮਾਰਤ ਦੀ ਛੱਤ ਅੰਸ਼ਕ ਤੌਰ ’ਤੇ ਨੁਕਸਾਨੀ ਗਈ।
