ਲਿਬਨਾਨ ’ਚ ਹਮਲੇ ਹਿਜ਼ਬੁੱਲਾ ਲਈ ‘ਸਪੱਸ਼ਟ ਸੰਦੇਸ਼’: ਇਜ਼ਰਾਈਲ
ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਅੱਜ ਕਿਹਾ ਕਿ ਲਿਬਨਾਨ ਵਿੱਚ ਇਜ਼ਰਾਈਲ ਵੱਲੋਂ ਜਾਰੀ ਫੌਜੀ ਹਮਲੇ ਹਿਜ਼ਬੁੱਲਾ ਲਈ ‘ਸਪੱਸ਼ਟ ਸੰਦੇਸ਼’ ਹਨ। ਉਨ੍ਹਾਂ ਇਰਾਨ ਦਾ ਸਮਰਥਨ ਪ੍ਰਾਪਤ ਇਸਲਾਮੀ ਜਥੇਬੰਦੀ ’ਤੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ। ਇਜ਼ਰਾਇਲੀ ਫੌਜ ਨੇ ਅੱਜ ਕਿਹਾ ਕਿ ਉਸ ਨੇ ਪੂਰਬੀ ਲਿਬਨਾਨ ਦੇ ਬੇਕਾ ਇਲਾਕੇ ਵਿੱਚ ਹਿਜ਼ਬੁੱਲਾ ਦੀ ਵਿਸ਼ੇਸ਼ ਇਕਾਈ ਰਦਵਾਨ ਫੋਰਸ ਦੇ ਟਿਕਾਣਿਆਂ ’ਤੇ ਹਮਲੇ ਸ਼ੁਰੂ ਕਰ ਦਿੱਤੇ ਹਨ।
ਲਿਬਨਾਨ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਇਜ਼ਰਾਇਲੀ ਹਮਲਿਆਂ ਵਿੱਚ ਘੱਟੋ ਘੱਟ ਛੇ ਜਣੇ ਜ਼ਖ਼ਮੀ ਹੋਏ ਹਨ। ਕਾਟਜ਼ ਨੇ ਬਿਆਨ ਵਿੱਚ ਕਿਹਾ, ‘‘ਲਿਬਨਾਨ ਵਿੱਚ ਇਜ਼ਰਾਇਲੀ ਫੌਜਾਂ ਦੇ ਮੌਜੂਦਾ ਹਮਲੇ ਹਿਜ਼ਬੁੱਲਾ ਅਤਿਵਾਦੀ ਜਥੇਬੰਦੀ ਲਈ ਸਪਸ਼ਟ ਸੰਦੇਸ਼ ਹਨ, ਜੋ ਰਦਵਾਨ ਫੋਰਸ ਰਾਹੀਂ ਇਜ਼ਰਾਈਲ ਖ਼ਿਲਾਫ਼ ਮੁੜ ਜਥੇਬੰਦ ਹੋਣ ਦੀ ਯੋਜਨਾ ਬਣਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਇਹ ਹਮਲੇ ਲਿਬਨਾਨੀ ਸਰਕਾਰ ਲਈ ਵੀ ਸੰਦੇਸ਼ ਹੈ, ਜੋ ਜੰਗਬੰਦੀ ਸਮਝੌਤੇ ਲਈ ਜ਼ਿੰਮੇਵਾਰ ਹੈ।
ਇਜ਼ਰਾਈਲ ਦੇ ਤਾਜ਼ਾ ਹਵਾਈ ਹਮਲਿਆਂ ਸਬੰਧੀ ਹਿਜ਼ਬੁੱਲਾ ਜਾਂ ਲਿਬਨਾਨੀ ਸਰਕਾਰ ਵੱਲੋਂ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਆਈ। ਇਜ਼ਰਾਈਲ ਅਤੇ ਹਿਜ਼ਬੁੱਲਾ ਨੇ ਨਵੰਬਰ ਵਿੱਚ ਜੰਗਬੰਦੀ ਸਮਝੌਤਾ ਕੀਤਾ ਸੀ। ਇਸ ਸਮਝੌਤੇ ਕਾਰਨ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੀ ਲੜਾਈ ਰੁਕੀ ਹੋਈ ਸੀ।
ਇਸ ਸਮਝੌਤੇ ਵਿੱਚ ਲਿਬਨਾਨ ਦੇ ਸਾਰੇ ਹਥਿਆਰਬੰਦ ਗਰੁੱਪਾਂ ਨੂੰ ਹਥਿਆਰ ਛੱਡਣ ਦਾ ਸੱਦਾ ਦਿੱਤਾ ਗਿਆ ਹੈ। ਹਾਲਾਂਕਿ, ਹਿਜ਼ਬੁੱਲਾ ਦਾ ਕਹਿਣਾ ਹੈ ਕਿ ਇਹ ਸਮਝੌਤਾ ਸਿਰਫ਼ ਦੱਖਣੀ ਲਿਬਨਾਨ ’ਤੇ ਲਾਗੂ ਹੁੰਦਾ ਹੈ। -ਰਾਇਟਰਜ਼