ਯੂਕਰੇਨ ’ਤੇ ਰੂਸੀ ਡਰੋਨ ਤੇ ਮਿਜ਼ਾਈਲ ਹਮਲਿਆਂ ’ਚ ਘੱਟੋ-ਘੱਟ ਚਾਰ ਹਲਾਕ
ਰੂਸ ਨੇ ਲੰਘੀ ਰਾਤ ਯੂਕਰੇਨ ’ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ ਚਾਰ ਵਿਅਕਤੀ ਹਲਾਕ ਹੋ ਗਏ ਅਤੇ 70 ਹੋਰ ਜ਼ਖ਼ਮੀ ਹੋ ਗਏ। ਇਸ ਨੂੰ ਕੀਵ ’ਤੇ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਯੂਕਰੇਨ ਦੀ ਰਾਜਧਾਨੀ ’ਤੇ ਵੱਡਾ ਹਵਾਈ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਘੱਟੋ-ਘੱਟ 21 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਕੀਵ ਸ਼ਹਿਰ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਕਾਚੈਂਕੋ ਨੇ ਅੱਜ ਟੈਲੀਗ੍ਰਾਮ ਰਾਹੀਂ ਰੂਸੀ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਸ਼ਹਿਰ ਭਰ ਦੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਨ੍ਹਾਂ ਹਮਲਿਆਂ ਵਿੱਚ 10 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ਵਿੱਚ 12 ਸਾਲ ਦੀ ਬੱਚੀ ਵੀ ਸ਼ਾਮਲ ਹੈ। ਤਕਾਚੈਂਕੋ ਨੇ ਟੈਲੀਗ੍ਰਾਮ ’ਤੇ ਲਿਖਿਆ, ‘‘ਰੂਸੀਆਂ ਨੇ ਬੱਚਿਆਂ ਦੀ ਮੌਤ ਦਾ ਖੇਡ ਮੁੜ ਤੋਂ ਸ਼ੁਰੂ ਕਰ ਦਿੱਤਾ ਹੈ।’’ ਯੂਕਰੇਨ ਦੀ ਹਵਾਈ ਫੌਜ ਨੇ ਅੱਜ ਦੱਸਿਆ ਕਿ ਰੂਸ ਨੇ ਕੁੱਲ 595 ਧਮਾਕਾਖੇਜ਼ ਡਰੋਨ ਅਤੇ 48 ਮਿਜ਼ਾਈਲਾਂ ਦਾਗੀਆਂ। ਇਨ੍ਹਾਂ ਵਿੱਚੋਂ ਹਵਾਈ ਰੱਖਿਆ ਪ੍ਰਣਾਲੀਆਂ ਨੇ 566 ਡਰੋਨ ਅਤੇ 45 ਮਿਜ਼ਾਈਲਾਂ ਨੂੰ ਮਾਰ ਸੁੱਟਿਆ ਜਾਂ ਜਾਮ ਕਰ ਦਿੱਤਾ।
ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਕੀਵ ਤੋਂ ਇਲਾਵਾ ਜ਼ਾਪੋਰਿਜ਼ੀਆ, ਖਮੇਲਨਿਤਸਿਕ, ਸੁਮੀ, ਮਾਈਕੋਲਾਈਵ, ਚਰਨੀਹੀਵ ਅਤੇ ਓਡੇਸਾ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਬੰਬਾਰੀ ਕੀਤੀ ਗਈ। ਜ਼ੇਲੈਂਸਕੀ ਨੇ ‘ਐਕਸ’ ਉੱਤੇ ਲਿਖਿਆ ਕਿ ਦੇਸ਼ ਭਰ ਵਿੱਚ ਘੱਟੋ ਘੱਟ 40 ਵਿਅਕਤੀ ਜ਼ਖ਼ਮੀ ਹੋਏ ਹਨ। ਬਾਅਦ ਵਿੱਚ, ਯੂਕਰੇਨ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਗਿਣਤੀ ਵਧ ਕੇ 70 ਹੋ ਗਈ ਹੈ। ਜ਼ਾਪੋਰਿਜ਼ੀਆ ਦੇ ਖੇਤਰੀ ਮੁਖੀ ਇਵਾਨ ਫੈਦੋਰੋਵ ਨੇ ਕਿਹਾ ਕਿ ਖੇਤਰ ਵਿੱਚ ਜ਼ਖ਼ਮੀ ਹੋਏ 27 ਵਿਅਕਤੀਆਂ ’ਚ ਤਿੰਨ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਰਾਜਧਾਨੀ ਵਿੱਚ ਦੋ ਦਰਜਨ ਤੋਂ ਵੱਧ ਇਮਾਰਤਾਂ ਨੁਕਸਾਨੀਆਂ ਗਈਆਂ ਹਨ।
ਯੂਕਰੇਨ ਨੂੰ ਟੌਮਹਾਕ ਕਰੂਜ਼ ਮਿਜ਼ਾਈਲ ਵੇਚਣ ’ਤੇ ਵਿਚਾਰ ਕਰ ਰਿਹੈ ਅਮਰੀਕਾ
ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਕਿਹਾ ਕਿ ਅਮਰੀਕਾ, ਯੂਕਰੇਨ ਨੂੰ ਟੌਮਹਾਕ ਕਰੂਜ਼ ਮਿਜ਼ਾਈਲਾਂ ਵੇਚਣ ’ਤੇ ਵਿਚਾਰ ਕਰ ਰਿਹਾ ਹੈ। ਟੌਮਹਾਕ ਮਿਜ਼ਾਈਲਾਂ ਦੀ ਮਾਰ ਕਰਨ ਦੀ ਸਮਰੱਥਾ ਲਗਪਗ 1000 ਮੀਲ (1600 ਕਿਲੋਮੀਟਰ) ਹੈ, ਜਿਸ ਨਾਲ ਮਾਸਕੋ, ਯੂਕਰੇਨ ਦੀ ਫੌਜ ਦੀ ਪਹੁੰਚ ਵਿੱਚ ਆ ਜਾਵੇਗਾ।