ਸ਼ਾਹੀ ਸਮਰਥਨ ਮਗਰੋਂ ਅਨੁਤਿਨ ਚਰਨਵਿਰਾਕੁਲ ਬਣੇ ਥਾਈਲੈਂਡ ਦੇ ਨਵੇਂ ਪ੍ਰਧਾਨ ਮੰਤਰੀ
ਥਾਈਲੈਂਡ ਵਿੱਚ ਸੀਨੀਅਰ ਆਗੂ ਅਨੁਤਿਨ ਚਰਨਵਿਰਾਕੁਲ ਅੱਜ ਸ਼ਾਹੀ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ। ਅਦਾਲਤ ਦੇ ਹੁਕਮਾਂ ’ਤੇ ਪੈਤੋਂਗਟਰਨ ਸ਼ਿਨਾਵਾਤਰਾ ਨੂੰ ਇਸ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਦੋ ਦਿਨ ਪਹਿਲਾਂ ਸੰਸਦ ਵੱਲੋਂ ਉਨ੍ਹਾਂ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਸੀ। ਅਨੁਤਿਨ (58) ਨੇ ਪੈਤੋਂਗਟਰਨ ਸ਼ਿਨਾਵਾਤਰਾ ਦੀ ਜਗ੍ਹਾ ਲਈ ਹੈ, ਜਿਨ੍ਹਾਂ ਨੂੰ ਪਿਛਲੇ ਹਫ਼ਤੇ ਅਦਾਲਤ ਦੇ ਹੁਕਮਾਂ ’ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ, ਕਿਉਂਕਿ ਗੁਆਂਢੀ ਦੇਸ਼ ਕੰਬੋਡੀਆ ਦੀ ਸੈਨੇਟ ਦੇ ਸਭਾਪਤੀ ਹੁਨ ਸੈਨ ਦੇ ਨਾਲ ਲੀਕ ਹੋਈ ਫੋਨ ਕਾਲ ਰਾਹੀਂ ਉਨ੍ਹਾਂ ਨੂੰ ਨੈਤਿਕਤਾ ਦੇ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਸੀ।
ਅਨੁਤਿਨ ਨੇ ਪੈਤੋਂਗਟਰਨ ਦੇ ਮੰਤਰੀ ਮੰਡਲ ਵਿੱਚ ਉਪ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ ਸੀ ਪਰ ਲੀਕ ਹੋਏ ਫੋਨ ਕਾਲ ਦੀ ਖ਼ਬਰ ਕਾਰਨ ਹੰਗਾਮਾ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਗੱਠਜੋੜ ਸਰਕਾਰ ਤੋਂ ਆਪਣੀ ਪਾਰਟੀ ਦਾ ਸਮਰਥਨ ਵਾਪਸ ਲੈ ਲਿਆ ਸੀ। ਅਨੁਤਿਨ ਨੂੰ ਨਿਯਕਤੀ ਪੱਤਰ ਬੈਂਕਾਕ ਸਥਿਤ ਉਨ੍ਹਾਂ ਦੀ ਭੂਮਜੈਥਾਈ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਹੋਏ ਇਕ ਸਮਾਰੋਹ ਦੌਰਾਨ ਮਿਲਿਆ, ਜਿਸ ਵਿੱਚ ਉਨ੍ਹਾਂ ਦੀ ਗੱਠਜੋੜ ਸਰਕਾਰ ’ਚ ਸ਼ਾਮਲ ਹੋਣ ਦੀ ਸੰਭਾਵਨਾ ਵਾਲੀਆਂ ਪਾਰਟੀਆਂ ਦੇ ਸੀਨੀਅਰ ਮੈਂਬਰ ਸ਼ਾਮਲ ਹੋਏ। ਉਨ੍ਹਾਂ ਕਿਹਾ, ‘‘ਮੈਂ ਹਲਫ਼ ਲੈਂਦਾ ਹਾਂ ਕਿ ਮੈਂ ਆਪਣੀ ਪੂਰੀ ਸਮਰੱਥਾ ਤੇ ਇਮਾਨਦਾਰੀ ਨਾਲ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨ ਲਈ ਦ੍ਰਿੜ੍ਹ ਸੰਕਲਪ ਹਾਂ।’’