ਅਮਰੀਕੀ ਸਿਆਸਤਦਾਨ ਵੱਲੋਂ ਹਨੂਮਾਨ ਬਾਰੇ ਟਿੱਪਣੀ ਤੋਂ ਵਿਵਾਦ
ਅਮਰੀਕਾ ਦੇ ਸਿਆਸਤਦਾਨ ਨੇ ਹਿੰਦੂ ਦੇਵਤਾ ਹਨੂੰਮਾਨ ਨੂੰ ‘ਝੂਠ’ ਦੱਸ ਕੇ ਅਤੇ ਅਮਰੀਕਾ ਨੂੰ ‘ਇਸਾਈ ਮੁਲਕ’ ਕਰਾਰ ਦੇ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ, ਜਿਸ ਦੀ ਹਿੰਦੂਆਂ ਤੇ ਇੰਟਰਨੈੱਟ ਯੂਜ਼ਰਜ ਨੇ ਆਲੋਚਨਾ ਕੀਤੀ ਹੈ। ਰਿਪਬਲਕਨ ਆਗੂ ਅਲੈਗਜ਼ੈਂਡਰ ਡੰਕਨ ਨੇ ਟੈਕਸਾਸ ਸਥਿਤ ਹਨੂੰਮਾਨ ਦੀ 90 ਫੁੱਟ ਉੱਚੀ ਕਾਂਸੀ ਦੀ ਮੂਰਤੀ ਦੀ ਵੀਡੀਓ ਪਿਛਲੇ ਹਫ਼ਤੇ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਲਿਖਿਆ, ‘‘ਅਸੀਂ ਟੈਕਸਾਸ ’ਚ ਕਾਲਪਨਿਕ ਹਿੰਦੂ ਭਗਵਾਨ ਦੀ ਝੂਠੀ ਮੂਰਤੀ ਲਾਉਣ ਦੀ ਆਗਿਆ ਕਿਉਂ ਦੇ ਰਹੇ ਹਾਂ? ਅਸੀਂ ਇਸਾਈ ਮੁਲਕ ਹਾਂ।’’ ਹਿੰਦੂ ਅਮਰੀਕਨ ਫਾਊਂਡੇਸ਼ਨ (ਐੱਚ ਏ ਐੱਫ) ਨੇ ਡੰਕਨ ਦੀ ਟਿੱਪਣੀ ’ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਟੈਕਸਾਸ ਦੇ ਰਿਪਬਲਕਨ ਸੈਨੇਟ ਉਮੀਦਵਾਰ ਦੀ ਆਲੋਚਨਾ ਕੀਤੀ ਅਤੇ ਹਿੰਦੂਆਂ ਵਿਰੁੱਧ ਨਫ਼ਰਤ ਲਈ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਫਾਊਂਡੇਸ਼ਨ ਨੇ ਟੈਕਸਾਸ ਰਿਪਬਲਕਨ ਪਾਰਟੀ ਦੇ ਅਧਿਕਾਰਤ ਐਕਸ ਹੈਂਡਲ ਨੂੰ ਟੈਗ ਕਰਦਿਆਂ ਲਿਖਿਆ, ‘‘ਹੈਲੋ, ਟੈਕਸਾਸ ਜੀ ਓ ਪੀ, ਕੀ ਤੁਸੀਂ ਆਪਣੀ ਪਾਰਟੀ ਦੇ ਉਸ ਸੈਨੇਟ ਉਮੀਦਵਾਰ ਨੂੰ ਅਨੁਸ਼ਾਸਨ ਸਿਖਾਉਗੇ ਜੋ ਭੇਦ-ਭਾਵ ਵਿਰੁੱਧ ਤੁਹਾਡੇ ਦਿਸ਼ਾ ਨਿਰਦੇਸ਼ਾਂ ਦੀ ਸ਼ਰ੍ਹੇਆਮ ਉਲੰਘਣਾ ਕਰਦਾ ਹੈ ਅਤੇ ਹਿੰਦੂ ਵਿਰੋਧੀ ਨਫ਼ਰਤ ਦਾ ਇਜ਼ਹਾਰ ਕਰਦਾ ਹੈ।’’ ਇਸ ਵਿਵਾਦ ਬਾਰੇ ਟੈਕਸਾਸ ਜੀ ਓ ਪੀ ਨੇ ਹਾਲੇ ਕੋਈ ਟਿੱਪਣੀ ਨਹੀਂ ਕੀਤੀ ਹੈ।