ਅਮਰੀਕਾ: ਸੜਕ ਹਾਦਸੇ ਵਿੱਚ 3 ਬੱਚਿਆਂ ਸਣੇ ਪੰਜ ਹਲਾਕ
ਕੋਲੋਰਾਡੋ ਹਾਈਵੇਅ ’ਤੇ ਤਿੰਨ ਵਾਹਨਾਂ ਦੀ ਟੱਕਰ ਹੋ ਗਈ ਜਿਸ ਕਾਰਨ ਤਿੰਨ ਬੱਚਿਆਂ ਸਣੇ ਪੰਜ ਜਣਿਆਂ ਦੀ ਮੌਤ ਹੋ ਗਈ। ਕੋਲੋਰਾਡੋ ਸਟੇਟ ਪੈਟਰੋਲ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਡੇਨਵਰ ਦੇ ਦੱਖਣ ਵਿੱਚ ਫਰੈਂਕਟਾਊਨ ਖੇਤਰ ਵਿੱਚ ਇੱਕ ਟੋਇਟਾ ਕਾਰ ਦਾ ਡਰਾਈਵਰ ਸੰਤੁਲਨ ਗੁਆ ਬੈਠਾ ਤੇ ਉਸ ਦੀ ਕਾਰ ਨਾਲ ਵਾਲੀ ਲੇਨ ਵਿਚ ਪਲਟ ਗਈ, ਜਿੱਥੇ ਇਹ ਫੋਰਡ ਕਾਰ ਤੇ ਪਿਕਅੱਪ ਟਰੱਕ ਨਾਲ ਟਕਰਾ ਗਈ। ਸਟੇਟ ਪੈਟਰੋਲ ਪੁਲੀਸ ਨੇ ਕਿਹਾ ਕਿ ਇਸ ਹਾਦਸੇ ਵਿਚ ਟੋਇਟਾ ਦੇ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿਚ ਦੂਜੀ ਕਾਰ ਦੇ ਡਰਾਈਵਰ ਅਤੇ ਉਸ ਨਾਲ ਬੈਠੇ ਪੰਜ ਬੱਚਿਆਂ ਵਿੱਚੋਂ ਤਿੰਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੋ ਹੋਰ ਬੱਚਿਆਂ ਨੂੰ ਨੇੜਲੇ ਮੈਡੀਕਲ ਸੈਂਟਰ ਲਿਜਾਇਆ ਗਿਆ ਪਰ ਅਧਿਕਾਰੀਆਂ ਨੇ ਉਨ੍ਹਾਂ ਦੀ ਹਾਲਤ ਦੇ ਵੇਰਵੇ ਸਾਂਝੇ ਨਾ ਕੀਤੇ। ਦੂਜੇ ਪਾਸੇ ਪਿਕਅੱਪ ਟਰੱਕ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਪੁਲੀਸ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਟੇਟ ਪੈਟਰੋਲ ਪੁਲੀਸ ਨੇ ਕਿਹਾ ਕਿ ਡਗਲਸ ਕਾਉਂਟੀ ਕੋਰੋਨਰ ਵਲੋਂ ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਜਾਵੇਗਾ। (ਏਪੀ)
