‘ਵੋਟ ਚੋਰੀ’ ਤੋਂ ਬਾਅਦ ‘ਸੱਤਾ ਚੋਰੀ’ ਵਿੱਚ ਲੱਗੀ ਭਾਜਪਾ: ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਗ੍ਰਿਫ਼ਤਾਰੀ ਨੂੰ ਹਥਿਆਰ ਬਣਾ ਕੇ ‘30 ਦਿਨਾਂ ਦੇ ਅੰਦਰ ਵਿਰੋਧੀ ਸਰਕਾਰਾਂ ਨੂੰ ਡੇਗਣ’ ਅਤੇ ‘ਲੋਕਤੰਤਰ ਨੂੰ ਅਸਥਿਰ ਕਰਨ’ ਲਈ ਬਿੱਲ ਲਿਆ ਕੇ ‘ਵੋਟ ਚੋਰੀ’ ਤੋਂ ਬਾਅਦ ਹੁਣ ‘ਸੱਤਾ ਚੋਰੀ’ ਵਿੱਚ ਲੱਗੀ ਹੈ।
ਖੜਗੇ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ, ਮੁੱਖ ਮੰਤਰੀਆਂ ਅਤੇ ਮੰਤਰੀਆਂ ਨੂੰ ਹਟਾਉਣ ਦੀਆਂ ਵਿਵਸਥਾਵਾਂ ਵਾਲਾ ਬਿੱਲ ਨਾਗਰਿਕਾਂ ਤੋਂ ਆਪਣੀ ਸਰਕਾਰ ਚੁਣਨ ਜਾਂ ਹਟਾਉਣ ਦਾ ਅਧਿਕਾਰ ਖੋਹ ਲੈਂਦਾ ਹੈ ਅਤੇ ਇਹ ਸ਼ਕਤੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਰਗੀਆਂ ਸੰਸਥਾਵਾਂ ਨੂੰ ਦਿੰਦਾ ਹੈ।
ਉਨ੍ਹਾਂ ਕਿਹਾ, ‘‘ਇਹ ਲੋਕਤੰਤਰ ’ਤੇ ਬੁਲਡੋਜ਼ਰ ਚਲਾਉਣ ਵਾਂਗ ਹੈ।’’ ਖੜਗੇ ਨੇ ਇੱਥੇ ਇੰਦਰਾ ਭਵਨ ਵਿੱਚ ਹਰਿਆਣਾ ਅਤੇ ਮੱਧ ਪ੍ਰਦੇਸ਼ ਦੀਆਂ ਜ਼ਿਲ੍ਹਾ ਕਾਂਗਰਸ ਕਮੇਟੀਆਂ (ਡੀਸੀਸੀ) ਦੇ ਨਵ-ਨਿਯੁਕਤ ਪ੍ਰਧਾਨਾਂ ਨਾਲ ਮੀਟਿੰਗ ਵਿੱਚ ਆਪਣੇ ਸ਼ੁਰੂਆਤੀ ਸੰਬੋਧਨ ਵਿੱਚ ਇਹ ਟਿੱਪਣੀ ਕੀਤੀ।
ਉਨ੍ਹਾਂ ਜ਼ਿਲ੍ਹਾ ਕਾਂਗਰਸ ਮੁਖੀਆਂ ਨੂੰ ਬੂਥ ਅਤੇ ਮੰਡਲ ਕਮੇਟੀਆਂ ਦੇ ਗਠਨ ’ਚ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਕਿ ਇਨ੍ਹਾਂ ਕਮੇਟੀਆਂ ਦੇ ਮੈਂਬਰ ਪਾਰਟੀ ਪ੍ਰਤੀ ਵਫ਼ਾਦਾਰ ਹੋਣ ਅਤੇ ਕਾਂਗਰਸ ਦੀ ਵਿਚਾਰਧਾਰਾ ਤੋਂ ਨਾ ਭਟਕਣ।
ਖੜਗੇ ਨੇ ਕਿਹਾ ਕਿ ਕਾਂਗਰਸ ਨੂੰ ਅਜਿਹੇ ਲੋਕਾਂ ਦੀ ਲੋੜ ਹੈ, ਜਿਨ੍ਹਾਂ ਨੂੰ ਜੇਕਰ ਲਾਲਚ ਵੀ ਦਿੱਤਾ ਜਾਵੇ ਤਾਂ ਵੀ ਉਹ ਪਾਰਟੀ ਪ੍ਰਤੀ ਵਫ਼ਾਦਾਰੀ ਤੋਂ ਨਾ ਡੋਲਣ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਮਜ਼ਬੂਤ ਸੰਗਠਨ ਕਾਰਨ ਲੰਬੇ ਸਮੇਂ ਤੱਕ ਦੇਸ਼ ’ਤੇ ਸ਼ਾਸਨ ਕੀਤਾ ਅਤੇ ਮੰਤਰੀਆਂ ਲਈ ਇਹ ਜ਼ਰੂਰੀ ਸੀ ਕਿ ਉਹ ਜਦੋਂ ਵੀ ਕਿਸੇ ਜ਼ਿਲ੍ਹੇ ਵਿੱਚ ਜਾਣ ਤਾਂ ਸਭ ਤੋਂ ਪਹਿਲਾਂ ਜ਼ਿਲ੍ਹਾ ਮੁਖੀ ਨਾਲ ਸੰਪਰਕ ਕਰਨ।
ਕਾਂਗਰਸ ਪ੍ਰਧਾਨ ਨੇ ਕਿਹਾ, ‘‘ਵਿੱਚ-ਵਿਚਾਲੇ ਇਹ ਵੀ ਸਮਾਂ ਆਇਆ ਕਿ ਮੰਤਰੀ ਆਪਣੇ ਪਸੰਦੀਦਾ ਲੋਕਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਲੱਗੇ। ਯੋਗਤਾ ਅਤੇ ਵਿਚਾਰਧਾਰਾ ਨੂੰ ਨਜ਼ਰਅੰਦਾਜ਼ ਕੀਤਾ ਜਾਣ ਲੱਗਿਆ। ਰਾਹੁਲ ਗਾਂਧੀ ਤੇ ਮੈਨੂੰ ਇਹ ਅਹਿਸਾਸ ਹੋਇਆ ਕਿ ਸੰਗਠਨ ਨੂੰ ਮਜ਼ਬੂਤ ਕੀਤੇ ਬਿਨਾਂ, ਜ਼ਿਲ੍ਹਾ ਪ੍ਰਧਾਨਾਂ ਨੂੰ ਮਹੱਤਵ ਦਿੱਤੇ ਬਗੈਰ, ਅਸੀਂ ਮਜ਼ਬੂਤੀ ਨਾਲ ਸੱਤਾ ’ਚ ਵਾਪਸੀ ਨਹੀਂ ਕਰ ਸਕਦੇ।’’
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਰਾਹੁਲ ਗਾਂਧੀ ਨੇ ਇੱਕ ਵਿਸਥਾਰਤ ਜਾਣਕਾਰੀ ਦਿੱਤੀ ਸੀ ਕਿ ਕਿਸ ਤਰ੍ਹਾਂ ਕਰਨਾਟਕ ਦੀ ਮਹਾਦੇਵਪੁਰਾ ਸੀਟ ’ਤੇ ਇੱਕ ਸਾਜਿਸ਼ ਤਹਿਤ ਸਿਆਸੀ ਢੰਗ ਨਾਲ ‘ਵੋਟਾਂ ਚੋਰੀ’ ਕੀਤੀਆਂ ਗਈਆਂ।
ਖੜਗੇ ਨੇ ਕਿਹਾ, ‘‘ਸਾਨੂੰ ਇਹ ਸਭ ਛੇ ਮਹੀਨਿਆਂ ਦੇ ਅਧਿਐਨ ਮਗਰੋਂ ਪਤਾ ਲੱਗਿਆ। ਚੋਣ ਕਮਿਸ਼ਨ ਨੇ ਪਹਿਲਾਂ ਤਾਂ ਕੋਈ ਜਵਾਬ ਨਹੀਂ ਦਿੱਤਾ। ਹੁਣ ਪੂਰਾ ਦੇਸ਼ ਇਸ ਨੂੰ ਸਮਝ ਰਿਹਾ ਹੈ। ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (ਐੱਸਆਈਆਰ) ’ਤੇ ਭਾਜਪਾ ਸਰਕਾਰ ਅਤੇ ਚੋਣ ਕਮਿਸ਼ਨ ਵਿਚਕਾਰ ਚਰਚਾ ਨੂੰ ਸੁਪਰੀਮ ਕੋਰਟ ਵਿੱਚ ਝਟਕਾ ਲੱਗਿਆ।’’
ਸੰਸਦ ਦੇ ਹਾਲ ਹੀ ਵਿੱਚ ਸਮਾਪਤ ਹੋਏ ਮੌਨਸੂਨ ਸੈਸ਼ਨ ਬਾਰੇ ਬੋਲਦਿਆਂ ਖੜਗੇ ਨੇ ਕਿਹਾ ਕਿ ਵਿਰੋਧੀ ਧਿਰਾਂ ਚਾਹੁੰਦੀਆਂ ਸੀ ਕਿ ਸੰਸਦ ਚੱਲੇ ਅਤੇ ਲੋਕਾਂ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਚਰਚਾ ਹੋਵੇ ਪਰ ਭਾਜਪਾ ਸਰਕਾਰ ਨਹੀਂ ਚਾਹੁੰਦੀ ਸੀ ਕਿ ਐੱਸਆਈਆਰ ਅਤੇ ‘ਵੋਟ ਚੋਰੀ’ ਵਰਗੇ ਮਾਮਲਿਆਂ ’ਤੇ ਚਰਚਾ ਹੋਵੇ। -ਪੀਟੀਆਈ