ਨੇਪਾਲ ਮਗਰੋਂ ਹੁਣ ਫਰਾਂਸ ਵਿੱਚ ਪ੍ਰਦਰਸ਼ਨ
ਨੇਪਾਲ ਮਗਰੋਂ ਹੁਣ ਫਰਾਂਸ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਫਰਾਂਸਵਾ ਬਾਇਰੂ ਦੀ ਸਰਕਾਰ ਡਿੱਗਣ ਤੋਂ ਇੱਕ ਦਿਨ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਪੈਰਿਸ ਅਤੇ ਹੋਰ ਥਾਵਾਂ ’ਤੇ ਸੜਕਾਂ ਜਾਮ ਕਰ ਦਿੱਤੀਆਂ, ਵਾਹਨਾਂ ਨੂੰ ਅੱਗ ਲਾ ਦਿੱਤੀ। ਪੁਲੀਸ ਨੇ ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ ਵੀ ਦਾਗ਼ੇ। ਪ੍ਰਦਰਸ਼ਨਕਾਰੀ ਬਜਟ ਵਿੱਚ ਕਟੌਤੀ ਦਾ ਵਿਰੋਧ ਅਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਗ੍ਰਹਿ ਮੰਤਰੀ ਨੇ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨਾਂ ਦੇ ਸ਼ੁਰੂਆਤੀ ਘੰਟਿਆਂ ਦੌਰਾਨ ਲਗਪਗ 250 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਐਲਾਨ ਕੀਤਾ ਹੈ।
ਫਰਾਂਸ ਦੇ ਪ੍ਰਧਾਨ ਮੰਤਰੀ ਬਾਇਰੂ ਨੇ ਬਜਟ ਵਿੱਚ 44 ਅਰਬ ਯੂਰੋ ਬਚਾਉਣ ਦੀ ਯੋਜਨਾ ਪੇਸ਼ ਕੀਤੀ ਸੀ ਜਿਸ ਕਾਰਨ ਉਸ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਅਤੇ ਸੱਤਾ ਵੀ ਹੱਥੋਂ ਚਲੀ ਗਈ। ਰਾਸ਼ਟਰਪਤੀ ਮੈਕਰੋਂ ਨੇ ਮੰਗਲਵਾਰ ਦੇਰ ਰਾਤ ਰੱਖਿਆ ਮੰਤਰੀ ਸਿਬੈਸਟੀਅਨ ਲੇਕੋਰਨੂ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ। ਦੇਸ਼ ਨੂੰ ਲਗਪਗ ਇੱਕ ਸਾਲ ਵਿੱਚ ਚੌਥੀ ਵਾਰ ਨਵਾਂ ਪ੍ਰਧਾਨ ਮੰਤਰੀ ਮਿਲਿਆ ਹੈ। ਹੁਣ ਇਮੈਨੁਅਲ ਮੈਕਰੋਂ ਦੇ ਫ਼ੈਸਲਿਆਂ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।
ਸੜਕਾਂ ’ਤੇ ਉਤਰਨ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ‘ਬਲੌਕ ਐਵਰੀਥਿੰਗ’ ਅੰਦੋਲਨ ਚਲਾਇਆ ਗਿਆ। ਬਾਅਦ ਵਿੱਚ ਇਹ ਤੇਜ਼ ਹੋ ਗਿਆ ਅਤੇ 80,000 ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਨੂੰ ਚੁਣੌਤੀ ਦਿੰਦਿਆਂ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਦਿੱਤੇ। ਇਸ ਮਗਰੋਂ ਪੁਲੀਸ ਨੇ ਤੇਜ਼ੀ ਨਾਲ ਗ੍ਰਿਫ਼ਤਾਰੀਆਂ ਕੀਤੀਆਂ। ਗ੍ਰਹਿ ਮੰਤਰੀ ਬਰੂਨੋ ਰਿਟੇਲਿਊ ਨੇ ਕਿਹਾ ਕਿ ਪੱਛਮੀ ਸ਼ਹਿਰ ਰੈਨੇਸ ਵਿੱਚ ਇੱਕ ਬੱਸ ਨੂੰ ਅੱਗ ਲਾ ਦਿੱਤੀ ਗਈ ਅਤੇ ਦੱਖਣ-ਪੱਛਮ ਵਿੱਚ ਬਿਜਲੀ ਸਪਲਾਈ ਨੂੰ ਨੁਕਸਾਨ ਪਹੁੰਚਾਉਣ ਕਾਰਨ ਰੇਲਗੱਡੀਆਂ ਦੀ ਆਵਾਜਾਈ ਵਿੱਚ ਵਿਘਨ ਪਿਆ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਦਰਸ਼ਨਕਾਰੀ ‘ਬਗਾਵਤ ਦਾ ਮਾਹੌਲ’ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਪ੍ਰਦਰਸ਼ਨ ਦੱਖਣੀ ਬੰਦਰਗਾਹ ਸ਼ਹਿਰ ਮਾਰਸੇਲ ਤੋਂ ਲੈ ਕੇ ਉੱਤਰ ਵਿੱਚ ਲਿਲੀ ਤੇ ਕੇਨ ਤੱਕ ਅਤੇ ਪੱਛਮ ਵਿੱਚ ਨੈਨਟੇਸ ਤੇ ਰੇਨੇਸ ਤੱਕ, ਦੱਖਣ-ਪੂਰਬ ਵਿੱਚ ਗਰੇਨੋਬਲ ਅਤੇ ਲਿਓਨ ਤੱਕ ਫੈਲਿਆ ਹੋਇਆ ਸੀ। ਹਾਲਾਂਕਿ, ਇਹ ਪ੍ਰਦਰਸ਼ਨ ਹੁਣ ਤਕ ਮੈਕਰੋਂ ਦੇ ਪਹਿਲੇ ਤੇ ਦੂਸਰੇ ਕਾਰਜਕਾਲ ਵਿੱਚ ਹੋਏ ਪਿਛਲੇ ਪ੍ਰਦਰਸ਼ਨਾਂ ਦੇ ਮੁਕਾਬਲੇ ਕਮਜੋਰ ਦਿਖਾਈ ਦੇ ਰਿਹਾ ਸੀ।