ਅਫ਼ਗਾਨਿਸਤਾਨੀ ਮਹਿਲਾਵਾਂ ਦੇ ਅਧਿਕਾਰ ਸੁਰੱਖਿਅਤ: ਤਾਲਿਬਾਨ
ਤਾਲਿਬਾਨ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਸੰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਅਫ਼ਗਾਨਿਸਤਾਨੀ ਮਹਿਲਾਵਾਂ ਸੁਰੱਖਿਅਤ ਹਨ ਤੇ ਉਨ੍ਹਾਂ ਦੇ ਅਧਿਕਾਰ ਮਹਿਫੂਜ਼ ਹਨ। ਹਾਲਾਂਕਿ, ਦੂਜੇ ਪਾਸੇ, ਸੰਯੁਕਤ ਰਾਸ਼ਟਰ ਵੱਲੋਂ ਅਫ਼ਗਾਨਿਸਤਾਨ ਵਿੱਚ ਔਰਤਾਂ ਵੱਲੋਂ ਨੌਕਰੀ ਕਰਨ ਤੇ ਸਿੱਖਿਆ ਹਾਸਲ ਕਰਨ ’ਤੇ ਲਾਈਆਂ ਪਾਬੰਦੀਆਂ ਹਟਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਤਾਲਿਬਾਨ ਦੇ ਮੁੱਖ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਆਪਣੇ ‘ਐਕਸ’ ਖਾਤੇ ਉੱਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸਲਾਮਿਕ ਅਮੀਰਾਤ (ਤਾਲਿਬਾਨ ਵੱਲੋਂ ਆਪਣੀ ਸਰਕਾਰ ਲਈ ਵਰਤੇ ਜਾਂਦੇ ਸ਼ਬਦ) ਵਿੱਚ ਔਰਤਾਂ ਦਾ ਮਾਣ, ਮਰਿਆਦਾ ਤੇ ਕਾਨੂੰਨੀ ਹੱਕ ਮੁੱਖ ਤਰਜੀਹ ਹਨ। ਅਫ਼ਗਾਨੀ ਔਰਤਾਂ ਸਰੀਰਕ ਤੇ ਮਾਨਸਿਕ ਤੌਰ ’ਤੇ ਸੁਰੱਖਿਅਤ ਮਾਹੌਲ ’ਚ ਰਹਿ ਰਹੀਆਂ ਹਨ।
ਇਸ ਦੌਰਾਨ ਅੱਜ ਸੰਯੁਕਤ ਰਾਸ਼ਟਰ ਨੇ ਮੁੜ ਤਾਲਿਬਾਨ ਨੂੰ ਮਹਿਲਾਵਾਂ ’ਤੇ ਲਾਈਆਂ ਗਈਆਂ ਵੱਖ-ਵੱਖ ਪਾਬੰਦੀਆਂ ਹਟਾਉਣ ਦੀ ਮੰਗ ਦਹੁਰਾਈ ਹੈ। ਅਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਦੇ ਮੁਖੀ ਰੋਜ਼ਾ ਓਤੁਨਬੇਏਵਾ ਨੇ ਕਿਹਾ,‘ਜਨਤਕ ਖੇਤਰ ’ਚੋਂ ਔਰਤਾਂ ਤੇ ਲੜਕੀਆਂ ਨੂੰ ਬਾਹਰ ਕੱਢਣ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ।’ -ਏਪੀ
ਨੇਪਾਲੀ ਕਾਰਕੁਨਾਂ ਵੱਲੋਂ ਨਾਗਿਰਕਤਾ ਕਾਨੂੰਨ ’ਚ ਸੋਧ ਦੀ ਮੰਗ
ਕਾਠਮੰਡੂ: ਨੇਪਾਲੀ ਕਾਰਕੁਨਾਂ ਨੇ ਭੇਦ-ਭਾਵ ’ਤੇ ਆਧਾਰਤ ਨਾਗਰਿਕਤਾ ਕਾਨੂੰਨਾਂ ’ਚ ਸੋਧ ਲਿਆਉਣ ’ਤੇ ਜ਼ੋਰ ਦਿੱਤਾ ਹੈ, ਜਿਨ੍ਹਾਂ ਦਾ ਨੁਕਸਾਨ ਨੇਪਾਲੀ ਮਹਿਲਾਵਾਂ ਨੂੰ ਝੱਲਣਾ ਪੈ ਰਿਹਾ ਹੈ। ਨੇਪਾਲ ਵਿੱਚ ਨਾਗਰਿਕਤਾ ਦਾ ਮੁੱਦਾ ਕਾਫ਼ੀ ਅਹਿਮ ਹੈ। ਇੱਥੇ ‘ਹਿਊਮਨ ਰਾਈਟਜ਼ ਤੇ ਪੀਸ ਸੁਸਾਇਟੀ’ ਵੱਲੋਂ ਕਰਵਾਏ ਸਮਾਗਮ ਦੌਰਾਨ ਬੁਲਾਰਿਆਂ ਨੇ ਮੌਜੂਦਾ ਕਾਨੂੰਨਾਂ ’ਚ ਸੋਧ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ, ਜਿਨ੍ਹਾਂ ਮੁਤਾਬਕ ਕਿਸੇ ਵਿਦੇਸ਼ੀ ਵਿਅਕਤੀ ਨਾਲ ਵਿਆਹ ਕਰਵਾਉਣ ਵਾਲੀ ਨੇਪਾਲੀ ਮਹਿਲਾ ਦੇ ਬੱਚਿਆਂ ਨੂੰ ਨਾਗਰਿਕਤਾ ਲੈਣ ’ਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦਕਿ ਇਸ ਦੀ ਤੁਲਨਾ ’ਚ ਕਿਸੇ ਵਿਦੇਸ਼ੀ ਮਹਿਲਾ ਨਾਲ ਵਿਆਹ ਕਰਵਾਉਣ ਵਾਲੇ ਨੇਪਾਲੀ ਵਿਅਕਤੀ ਦੇ ਬੱਚਿਆਂ ਲਈ ਨਾਗਰਿਕਤਾ ਲੈਣ ’ਚ ਕੋਈ ਮੁਸ਼ਕਲ ਨਹੀਂ ਆਉਂਦੀ। ਦੱਸਣਯੋਗ ਹੈ ਕਿ ਨੇਪਾਲ ਦੇ ਸੰਸਦ ਮੈਂਬਰਾਂ ਵੱਲੋਂ ਇਨ੍ਹੀਂ ਦਿਨੀਂ ਇਨ੍ਹਾਂ ਦਿੱਕਤਾਂ ਦੇ ਹੱਲ ਲਈ ਬਿੱਲ ਲਿਆਉਣ ਸਬੰਧੀ ਚਰਚਾ ਜਾਰੀ ਹੈ।- ਪੀਟੀਆਈ