ਐਡੀਲੇਡ ਦੀਆਂ ਮੁਟਿਆਰਾਂ ਨੇ ਭੰਗੜਾ ਕੱਪ ਜਿੱਤਿਆ
ਮਲਵਈ ਭੰਗੜਾ ਅਕੈਡਮੀ, ਐਡੀਲੇਡ ਦੀਆਂ ਮੁਟਿਆਰਾਂ ਦੀ ਟੀਮ ਨੇ ਕੌਮੀ ਪੱਧਰ ਦੇ ਭੰਗੜਾ ਕੱਪ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਹਾਸਲ ਕਰ ਕੇ ਭੰਗੜਾ ਕੱਪ ਆਪਣੇ ਨਾਂ ਕੀਤਾ ਹੈ।
ਇਸ ਸਬੰਧੀ ਖੁਸ਼ੀ ਜ਼ਾਹਿਰ ਕਰਦਿਆਂ ਮਲਵਈ ਭੰਗੜਾ ਅਕੈਡਮੀ ਐਡੀਲੇਡ ਦੇ ਕੋਚ ਹਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਆਸਟਰੇਲੀਆ ਦੇ ਸੂਬਾ ਵਿਕਟੋਰੀਆ ਦੇ ਸ਼ਹਿਰ ਮੈਲਬਰਨ ਵਿੱਚ ਪੰਜਾਬੀ ਫੋਕ ਡਾਂਸ ਅਕੈਡਮੀ ਵੱਲੋਂ ਆਸਟਰੇਲੀਆ ਪੱਧਰ ਦੇ ਕਰਵਾਏ ਗਏ ਭੰਗੜਾ ਕੱਪ ਮੁਕਾਬਲੇ ਵਿੱਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਭੰਗੜਾ ਟੀਮਾਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਮਲਵਈ ਭੰਗੜਾ ਅਕੈਡਮੀ ਐਡੀਲੇਡ ਦੀਆਂ ਮੁਟਿਆਰਾਂ ਨੇ ਅੰਡਰ-16 ਉਮਰ ਵਰਗ ਦੇ ਭੰਗੜਾ ਮੁਕਾਬਲੇ ਵਿੱਚ ਹਿੱਸਾ ਲੈ ਕੇ ਭੰਗੜਾ ਕੱਪ ਜਿੱਤਿਆ। ਭੰਗੜਾ ਮੁਕਾਬਲੇ ਦੌਰਾਨ ਐਡੀਲੇਡ ਅਕੈਡਮੀ ਦੇ ਗੱਭਰੂ ਗੁਰਜੰਟ ਸਿੰਘ ਨੇ ਸੱਭਿਆਚਾਰਕ ਲੋਕ ਬੋਲੀਆਂ ਪਾਈਆਂ। ਪ੍ਰਬੰਧਕਾਂ ਵੱਲੋਂ ਬੈਸਟ ਭੰਗੜਾ ਸਰਵੋਤਮ ਐਵਾਰਡ ਮਲਵਈ ਭੰਗੜਾ ਅਕੈਡਮੀ ਐਡੀਲੇਡ ਦੀ ਮੁਟਿਆਰ ਹਰਕਿਰਨ ਕੌਰ ਨੂੰ ਦਿੱਤਾ ਗਿਆ ਅਤੇ ਸਮੁੱਚੀ ਜੇਤੂ ਟੀਮ ਨੂੰ ਭੰਗੜਾ ਕੱਪ ਟਰਾਫੀ ਦੇ ਕੇ ਸਨਮਾਨਿਤ ਕੀਤਾ।
 
 
             
            